ਆਰਗੈਨਿਕ ਖੇਤੀ ਨੂੰ ਅਪਣਾ ਕੇ 2 ਹਜ਼ਾਰ ਪਰਿਵਾਰ ਖਾ ਰਹੇ ਨੇ ਜ਼ਹਿਰ ਮੁਕਤ ਸਬਜ਼ੀਆਂ

01/22/2018 8:22:12 AM

ਫਰੀਦਕੋਟ  (ਹਾਲੀ) - ਫਸਲਾਂ 'ਤੇ ਵਰਤੀ ਜਾ ਰਹੀ ਜ਼ਹਿਰ ਕਾਰਨ ਅੱਜ ਧਰਤੀ ਮਾਤਾ ਨੂੰ ਆਪਣੇ ਪੁੱਤਰਾਂ ਤੋਂ ਹੀ ਸਭ ਤੋਂ ਵੱਧ ਖਤਰਾ ਹੈ। ਇਸੇ ਕਰ ਕੇ ਧਰਤੀ ਨੂੰ ਬਚਾਉਣ ਲਈ ਕਈ ਸੰਸਥਾਵਾਂ ਅਤੇ ਸਰਕਾਰ ਕਿਸਾਨਾਂ, ਫ਼ਲ ਅਤੇ ਸਬਜ਼ੀ ਉਤਪਾਦਕਾਂ ਨੂੰ ਲਗਾਤਾਰ ਜ਼ਹਿਰ ਮੁਕਤ ਫ਼ਸਲਾਂ ਦੀ ਪੈਦਾਵਰ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਭਾਵੇਂ ਪੰਜਾਬ ਦੇ ਹਰ ਜ਼ਿਲੇ 'ਚ ਆਰਗੈਨਿਕ ਅਤੇ ਕੁਦਰਤੀ ਖੇਤੀ ਪ੍ਰਤੀ ਖਪਤਕਾਰ ਉਤਸ਼ਾਹਿਤ ਹੁੰਦੇ ਹਨ ਪਰ ਇਸ ਤਰ੍ਹਾਂ ਦੀਆਂ ਫ਼ਲ, ਸਬਜ਼ੀਆਂ ਅਤੇ ਜਿਣਸਾਂ ਘੱਟ ਮਿਲਦੀਆਂ ਹੋਣ ਕਾਰਨ ਇਹ ਲੋਕਾਂ ਦੀ ਪਹੁੰਚ ਤੋਂ ਦੂਰ ਹਨ।
ਘਰੇਲੂ ਨੁਸਖੇ ਬਚਾਉਂਦੇ ਹਨ
ਕੀੜਿਆਂ ਤੋਂ ਜ਼ਹਿਰ ਮੁਕਤ ਸਬਜ਼ੀਆਂ, ਫ਼ਲ ਅਤੇ ਜਿਣਸਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਇਹ ਕਿਸਾਨ ਅਤੇ ਘਰੇਲੂ ਉਤਪਾਤਕ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਇਸਤੇਮਾਲ ਨਹੀਂ ਕਰਦੇ। ਉਹ ਵੱਧ ਪੈਦਾਵਰ ਅਤੇ ਕੀੜੇ-ਮਕੌੜਿਆਂ ਨੂੰ ਖਤਮ ਕਰਨ ਲਈ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਦੇ ਹਨ। ਪਾਣੀ 'ਚ ਨਿੰਮ, ਧਤੂਰਾ, ਅੱਕ ਅਤੇ ਖੱਟੀ ਲੱਸੀ ਦਾ ਘੋਲ ਬਣਾ ਕੇ ਵੱਖ-ਵੱਖ ਸਮੇਂ ਲੋੜ ਮੁਤਾਬਕ ਛਿੜਕਾਅ ਕਰ ਕੇ ਆਪਣੀਆਂ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਂਦੇ ਹਨ।
ਕਿਹੜੇ ਕਿਸਾਨ ਜੁੜੇ ਹਨ ਆਰਗੈਨਿਕ ਖੇਤੀ ਨਾਲ
ਫ਼ਰੀਦਕੋਟ ਦੇ ਪਿੰਡ ਚੈਨਾ ਨਾਲ ਸਬੰਧਤ ਅਮਰਜੀਤ ਸ਼ਰਮਾ, ਸੁੱਖਣਵਾਲਾ ਦੇ ਜਗਸੀਰ ਸਿੰਘ, ਮਰਾੜ ਦੇ ਰਾਮ ਸਿੰਘ, ਮੋਰਾਂਵਾਲੀ ਦੇ ਜਗਦੀਪ ਸਿੰਘ, ਪਿੰਡੀ ਬਲੋਚਾਂ ਦੇ ਹਰਪ੍ਰੀਤ ਸਿੰਘ, ਬਾਜਾਖਾਨਾ ਦੇ ਰੂਪ ਸਿੰਘ ਅਤੇ ਡੋਡ ਪਿੰਡ ਦੇ ਜੀਤ ਸਿੰਘ ਸਮੇਤ ਹੋਰ ਸੈਂਕੜੇ ਕਿਸਾਨ ਆਰਗੈਨਿਕ ਖੇਤੀ ਨਾਲ ਜੁੜੇ ਹੋਏ ਹਨ। ਇਨ੍ਹਾਂ 'ਚੋਂ ਰੂਪ ਸਿੰਘ ਵੱਲੋਂ ਜ਼ਹਿਰ ਮੁਕਤ ਪੈਦਾ ਕੀਤੇ ਜਾਂਦੇ ਹਨ ਕਰੇਲਿਆਂ ਦੀ ਇਸ ਖੇਤਰ 'ਚ ਭਾਰੀ ਮੰਗ ਰਹਿੰਦੀ ਹੈ। ਖੇਤੀ ਵਿਰਾਸਤ ਮਿਸ਼ਨ ਨਾਲ ਬਾਜਾਖਾਨਾ ਦੇ ਵਾਸਦੇਵ ਸ਼ਰਮਾ ਵੀ ਜੁੜੇ ਹੋਏ ਹਨ, ਜਿਹੜੇ ਕਿ ਖੁਦ ਵੀ ਥੋੜ੍ਹੀ ਜਗ੍ਹਾ 'ਚ ਫ਼ੁੱਲ, ਫ਼ਲ ਅਤੇ ਸਬਜ਼ੀਆਂ ਪੈਦਾ ਕਰ ਕੇ ਲੋਕਾਂ ਨੂੰ ਹੈਰਾਨ ਕਰ ਰਹੇ ਹਨ।
ਜ਼ਿਲਾ ਫ਼ਰੀਦਕੋਟ ਅਤੇ ਆਰਗੈਨਿਕ ਖੇਤੀ
ਜੇਕਰ ਫ਼ਰੀਦਕੋਟ ਜ਼ਿਲੇ ਦੀ ਗੱਲ ਕਰੀਏ ਤਾਂ ਇੱਥੇ ਆਰਗੈਨਿਕ ਅਤੇ ਕੁਦਰਤੀ ਖੇਤੀ ਲਈ ਖੇਤੀ ਵਿਰਾਸਤ ਮਿਸ਼ਨ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਮਿਸ਼ਨ ਰਾਹੀਂ ਕਿਸਾਨਾਂ ਨੂੰ ਸਿਰਫ਼ ਫ਼ਸਲਾਂ ਹੀ ਨਹੀਂ ਬਲਕਿ ਫ਼ਲ ਅਤੇ ਸਬਜ਼ੀਆਂ ਵੀ ਜ਼ਹਿਰ ਮੁਕਤ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਘਰਾਂ 'ਚ ਰੋਜ਼ਾਨਾ ਵਰਤੋਂ ਲਈ ਸਬਜ਼ੀਆਂ ਵੀ ਘਰੇਲੂ ਬਗੀਚੀ ਰਾਹੀਂ ਪੈਦਾ ਕਰ ਕੇ ਖਾਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲੇ 'ਚ 125 ਦੇ ਕਰੀਬ ਕਿਸਾਨ ਆਰਗੈਨਿਕ ਅਤੇ ਕੁਦਰਤੀ ਖੇਤੀ ਨੂੰ ਅਪਣਾ ਚੁੱਕੇ ਹਨ। ਉਹ ਆਪਣੀਆਂ ਸਾਲਾਨਾ ਫ਼ਸਲਾਂ ਕਣਕ, ਝੋਨਾ, ਨਰਮਾ, ਕਪਾਹ ਤੋਂ ਇਲਾਵਾ ਹੋਰ ਫ਼ਸਲਾਂ ਗੰਨਾ, ਮੱਕੀ, ਬਾਜਰਾ, ਸਰ੍ਹੋਂ ਆਦਿ ਫਸਲਾਂ ਵੀ ਕੁਦਰਤੀ ਢੰਗ ਨਾਲ ਪੈਦਾ ਕਰ ਕੇ ਵੱਧ ਮੁਨਾਫ਼ਾ ਕਮਾ ਰਹੇ ਹਨ। ਵਿਰਾਸਤ ਮਿਸ਼ਨ ਦੇ ਅੰਕੜਿਆਂ ਅਨੁਸਾਰ ਫਰੀਦਕੋਟ ਜ਼ਿਲੇ 'ਚ 2 ਹਜ਼ਾਰ ਦੇ ਕਰੀਬ ਪਰਿਵਾਰ ਅਜਿਹੇ ਹਨ, ਜੋ ਪਿਛਲੇ 12 ਸਾਲਾਂ ਤੋਂ ਖੁਦ ਦੀ ਘਰੇਲੂ ਬਗੀਚੀ ਰਾਹੀਂ ਪੈਦਾ ਕੀਤੀਆਂ ਸਬਜ਼ੀਆਂ ਖਾ ਰਹੇ ਹਨ। ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਲਗਾਤਾਰ ਵਰਕਸ਼ਾਪਾਂ ਅਤੇ ਫ਼ਾਰਮਰ ਸਕੂਲ ਲਾਏ ਜਾਂਦੇ ਹਨ। ਹੁਣ ਤੱਕ 2500 ਦੇ ਕਰੀਬ ਵਰਕਸ਼ਾਪਾਂ ਅਤੇ 100 ਫ਼ਾਰਮਰ ਸਕੂਲ ਲਾਏ ਗਏ ਹਨ।
ਕੀ ਕਹਿੰਦੇ ਨੇ ਮਿਸ਼ਨ ਪ੍ਰਮੁੱਖ
ਖੇਤੀ ਵਿਰਾਸਤ ਮਿਸ਼ਨ ਕਿਸਾਨਾਂ ਅਤੇ ਘਰੇਲੂ ਉਤਪਾਦਕਾਂ ਨੂੰ ਇਸ ਪਾਸੇ ਜੋੜਨ ਤੋਂ ਪਹਿਲਾਂ ਖੁਦ ਜ਼ਹਿਰ ਮੁਕਤ ਖੇਤੀ ਦਾ ਤਜਰਬਾ ਕਰਦਾ ਹੈ। ਜ਼ਿਲੇ ਦੇ ਪਿੰਡ ਚੈਨਾ ਵਿਖੇ ਇਸ ਕੰਮ ਲਈ ਬਾਕਾਇਦਾ ਡੈਮੋ ਪਲਾਟ ਲਾਏ ਜਾਂਦੇ ਹਨ ਅਤੇ ਇੱਥੋਂ ਤਿਆਰ ਕੀਤੀਆਂ ਸਬਜ਼ੀਆਂ, ਫ਼ਲ ਅਤੇ ਹੋਰ ਜਿਣਸਾਂ ਜਿੱਥੇ ਲੋਕਾਂ ਨੂੰ ਦਿਖਾਈਆਂ ਜਾਂਦੀਆਂ ਹਨ, ਉੱਥੇ ਹੀ ਫ਼ਰੀਦਕੋਟ ਜ਼ਿਲੇ ਦੇ ਖੇਤੀਬਾੜੀ ਦਫ਼ਤਰ ਵਿਖੇ ਇਕ ਸਟਾਲ ਲਾ ਕੇ ਹਰ ਰੋਜ਼ ਸਸਤੇ ਭਾਅ 'ਚ ਵੇਚੀਆਂ ਵੀ ਜਾਂਦੀਆਂ ਹਨ। ਇੱਥੋਂ ਲੋਕ ਜ਼ਹਿਰ ਮੁਕਤ ਸਬਜ਼ੀਆਂ ਦੇ ਨਾਲ-ਨਾਲ ਆਟਾ, ਦਾਲਾਂ, ਸਰ੍ਹੋਂ ਦਾ ਤੇਲ ਅਤੇ ਮਸਾਲੇ ਵੀ ਖਰੀਦ ਕੇ ਖੁਸ਼ ਹੁੰਦੇ ਹਨ। ਮਿਸ਼ਨ ਦੇ ਪ੍ਰਮੁੱਖ ਉਮੇਂਦਰ ਦੱਤ ਅਨੁਸਾਰ ਉਨ੍ਹਾਂ ਨਾਲ ਜੁੜੇ ਕਿਸਾਨ ਸਿਰਫ਼ ਕੁਦਰਤੀ ਖੇਤੀ ਅਤੇ ਆਰਗੈਨਿਕ ਜਿਣਸ ਹੀ ਪੈਦਾ ਨਹੀਂ ਕਰਦੇ, ਬਲਕਿ ਉਨ੍ਹਾਂ ਨੂੰ ਜ਼ਿੰਦਗੀ 'ਚ ਧੀਰਜ ਰੱਖ ਕੇ ਕੰਮ ਕਰਨ ਲਈ ਪ੍ਰੇਰਿਆ ਜਾਂਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨਾਲ ਜੁੜੇ ਕਿਸੇ ਵੀ ਕਿਸਾਨ ਨੇ ਅਜੇ ਤੱਕ ਖੁਦਕੁਸ਼ੀ ਵਾਲਾ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਸਾਨਾਂ, ਫ਼ਲ ਅਤੇ ਸਬਜ਼ੀ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਖੇਤੀ ਵੱਲ ਆਉਣ ਅਤੇ ਆਪਣੇ ਮੁਨਾਫ਼ੇ ਤੋਂ ਇਲਾਵਾ ਧਰਤੀ ਨੂੰ ਬਚਾਉਣ ਸਮੇਤ ਮਨੁੱਖਾਂ ਦੀ ਸਿਹਤ ਵੀ ਤੰਦਰੁਸਤ ਰੱਖਣ ਵੱਲ ਕਦਮ ਚੁੱਕਣ।