ਨਹਿਰੀ ਮਹਿਕਮੇ ਵੱਲੋਂ ਜਾਰੀ ਫ਼ਰਮਾਨ ਨੇ ਕਿਸਾਨੀ ਵਰਗ 'ਚ ਲਿਆਂਦੀ ਨਿਰਾਸ਼ਾ, ਕਿਸਾਨ ਹੋਣਗੇ ਪ੍ਰਭਾਵਿਤ

06/13/2020 2:46:07 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ ਪਵਨ ਤਨੇਜਾ) - ਸਮੇਂ ਦੀਆਂ ਸਰਕਾਰਾਂ ਦੀ ਖੇਤੀ ਧੰਦੇ ਪ੍ਰਤੀ ਹਮੇਸ਼ਾ ਹੀ ਨੀਤੀਆਂ ਮਾੜੀਆਂ ਰਹੀਆਂ ਹਨ ਅਤੇ ਨਹਿਰ ਵਿਭਾਗ ਵੀ ਕਿਸਾਨਾਂ ਦਾ ਉਸ ਵੇਲੇ ਵੈਰੀ ਬਣ ਜਾਂਦਾ ਹੈ ਜਦ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਖੇਤੀ ਲਈ ਜ਼ਿਆਦਾ ਲੋੜ ਹੁੰਦੀ ਹੈ। ਪਿਛਲੇ ਲੰਮੇ ਸਮੇਂ ਤੋਂ ਇਹੋ ਹੀ ਵੇਖਣ ਵਿਚ ਆ ਰਿਹਾ ਹੈ ਕਿ ਜਦ ਵੀ ਕਿਸਾਨਾਂ ਨੂੰ ਫਸਲਾਂ ਲਈ ਨਹਿਰੀ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਜਾਂ ਫਸਲਾਂ ਦੀ ਬੀਜ-ਬਿਜਾਈ ਦਾ ਸਮਾਂ ਹੁੰਦਾ ਹੈ ਤਾਂ ਉਦੋ ਹੀ ਨਹਿਰ ਮਹਿਕਮਾ ਰਜਬਾਹਿਆਂ ਵਿਚ ਨਹਿਰੀ ਪਾਣੀ ਦੀ ਬੰਦੀ ਕਰ ਦਿੰਦਾ ਹੈ। ਜਿਸ ਕਰਕੇ ਸਮੁੱਚਾ ਕਿਸਾਨ ਵਰਗ ਔਖਾ ਤੇ ਤੰਗ-ਪ੍ਰੇਸ਼ਾਨ ਹੁੰਦਾ ਹੈ। ਹੁਣ ਝੋਨੇ ਦੀ ਹੱਥੀਂ ਲਵਾਈ ਦਾ ਕੰਮ ਬੜੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਰ ਪਤਾ ਲੱਗਾ ਹੈ ਕਿ ਨਹਿਰ ਮਹਿਕਮੇ ਦਾ ਫੁਰਮਾਨ ਆ ਗਿਆ ਹੈ ਕਿ ਇਸ ਖੇਤਰ ਦੇ ਅਰਨੀਵਾਲਾ ਰਜਬਾਹਾ ਅਤੇ ਭਾਗਸਰ ਰਜਬਾਹੇ ਸਮੇਤ ਕਈ ਹੋਰ ਰਜਬਾਹਿਆਂ ਅਤੇ ਕੱਸੀਆਂ ਵਿਚ 15 ਜੂਨ  ਦਿਨ ਸੋਮਵਾਰ ਤੋਂ ਨਹਿਰੀ ਪਾਣੀ ਦੀ ਬੰਦੀ ਕੀਤੀ ਜਾ ਰਹੀ ਹੈ ਜੋ 21 ਜੂਨ ਤੱਕ ਜਾਰੀ ਰਹੇਗੀ। ਪਤਾ ਲੱਗਾ ਹੈ ਕਿ ਅਰਨੀਵਾਲਾ ਰਜਬਾਹਾ ਜੋ ਪਿੰਡ ਝੀਂਡਵਾਲਾ ਤੋਂ ਨਿਕਲਦਾ ਹੈ ਅਤੇ ਭਾਗਸਰ ਰਜਬਾਹਾ ਜੋ ਇਥੋਂ ਹੀ ਨਿਕਲਦਾ ਹੈ, ਦੋਵੇ ਰਜਬਾਹੇ ਬੰਦ ਕਰ ਦਿੱਤੇ ਜਾਣਗੇ।

ਇਥੇ ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਪ ਹੀ ਇਹ ਹੁਕਮ ਜਾਰੀ ਕੀਤਾ ਸੀ ਕਿ ਕਿਸਾਨ 10 ਜੂਨ ਤੋਂ ਹੱਥੀ ਝੋਨਾ ਲਗਾਉਣਾ ਸ਼ੁਰੂ ਕਰਨ ਅਤੇ 10 ਜੂਨ ਤੋਂ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਅਤੇ ਟਿਊਬਵੈਲਾਂ ਵਾਲੀ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਪਰ ਹੁਣ ਹਾਲਾਤ ਇਹ ਹਨ ਕਿ ਨਾ ਤਾਂ ਕਿਸਾਨਾਂ ਨੂੰ ਟਿਊਬਵੈਲਾਂ ਵਾਲੀ ਬਿਜਲੀ ਪੂਰੀ ਮਿਲ ਰਹੀ ਹੈ ਤੇ ਨਾ ਹੀ ਨਹਿਰੀ ਪਾਣੀ ਮਿਲ ਰਿਹਾ ਹੈ। ਕਿਸਾਨਾਂ ਦੇ ਦੱਸਣ ਮੁਤਾਬਿਕ ਝੀਂਡਵਾਲਾ ਤੋਂ ਨਿਕਲਣ ਵਾਲਾ ਭਾਗਸਰ ਰਜਬਾਹਾ ਕਰੀਬ 30 ਕਿਲੋਮੀਟਰ ਲੰਮਾ ਹੈ ਤੇ ਉਕਤ ਰਜਬਾਹੇ ਦਾ ਪਾਣੀ ਲਗਭਗ ਦੋ ਦਰਜਨ ਪਿੰਡਾਂ ਨੂੰ ਨਹਿਰੀ ਪਾਣੀ ਦਿੰਦਾ ਹੈ। ਜਿਸ ਕਰਕੇ ਇਹਨਾਂ ਸਾਰੇ ਪਿੰਡਾਂ ਦੇ ਕਿਸਾਨ ਪਾਣੀ ਦੀ ਬੰਦੀ ਹੋਣ ਨਾਲ ਪ੍ਰਭਾਵਿਤ ਹੋ ਜਾਣਗੇ। ਇਸੇ ਤਰ੍ਹਾਂ ਅਰਨੀਵਾਲਾ ਰਜਬਾਹੇ ਦਾ ਪਾਣੀ ਵੀ ਬਹੁਤ ਸਾਰੇ ਪਿੰਡਾਂ ਨੂੰ ਲੱਗਦਾ ਹੈ ਤੇ ਇਹਨਾਂ ਸਾਰੇ ਪਿੰਡਾਂ
ਦੇ ਕਿਸਾਨ ਵੀ ਨਹਿਰੀ ਪਾਣੀ ਬਿਨਾਂ ਔਖੇ ਹੋਣਗੇ। ਇਸ ਤੋਂ ਇਲਾਵਾ ਪੇਂਡੂ ਜਲ ਘਰਾਂ ਦੀਆਂ ਟੂਟੀਆਂ ਵਾਲੇ ਪਾਣੀ 'ਤੇ ਵੀ ਅਸਰ ਪਵੇਗਾ। ਕਿਉਕਿ ਜਲ ਘਰ ਦੀਆਂ ਡਿੱਗੀਆਂ ਵਿਚ ਵੀ ਇਹਨਾਂ ਰਜਬਾਹਿਆਂ ਦਾ ਪਾਣੀ ਹੀ ਪੈਂਦਾ ਹੈ।

ਕੀ ਕਹਿਣਾ ਹੈ ਕਿਸਾਨਾਂ ਦਾ

ਨਹਿਰੀ ਪਾਣੀ ਦੀ ਬੰਦੀ ਦੇ ਸਬੰਧ ਵਿਚ ਜਦ ਇਸ ਖੇਤਰ ਦੇ ਕਿਸਾਨਾਂ ਨਰਿੰਦਰ ਸਿੰਘ ਬਰਾੜ, ਸਰਬਜੀਤ ਸਿੰਘ ਧਾਲੀਵਾਲ, ਸਿਮਰਜੀਤ ਸਿੰਘ ਲੱਖੇਵਾਲੀ, ਸ਼ੇਰਬਾਜ ਸਿੰਘ ਲੱਖੇਵਾਲੀ ਅਤੇ ਬਿਕਰਮਜੀਤ ਸਿੰਘ ਸੰਮੇਵਾਲੀ ਨਾਲ 'ਜਗ ਬਾਣੀ' ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ
ਕਿਹਾ ਕਿ ਅਜਿਹੇ ਸਮੇਂ ਵਿਚ ਨਹਿਰ ਮਹਿਕਮੇ ਵੱਲੋਂ ਨਹਿਰੀ ਪਾਣੀ ਦੀ ਬੰਦੀ ਕਰਨਾ ਬੇਹੱਦ ਮਾੜੀ ਗੱਲ ਹੈ। ਕਿਉਕਿ ਜਦ ਰਜਬਾਹਿਆਂ ਵਿਚ ਪਾਣੀ ਹੀ ਨਾ ਆਇਆ ਤਾਂ ਫਿਰ ਕਿਸਾਨ ਝੋਨਾ ਕਿਵੇਂ ਲਗਾਉਣਗੇ। ਉਤੋਂ ਐਤਕੀਂ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਘੱਟ ਹੋਣ ਕਰਕੇ ਝੋਨਾ
ਲਗਾਉਣ ਲਈ ਮਜ਼ਦੂਰਾਂ ਦੀ ਘਾਟ ਆ ਰਹੀ ਹੈ। 

ਕਿਸਾਨ ਜਥੇਬੰਦੀ ਕਰੇਗੀ ਸਖਤ ਵਿਰੋਧ

ਇਸੇ ਦੌਰਾਨ ਹੀ ਕਿਸਾਨਾਂ ਦੇ ਹਿੱਤਾਂ ਖਾਤਰ ਸੰਘਰਸ਼ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਦੋਸ਼ ਹੈ ਕਿ ਨਹਿਰੀ ਪਾਣੀ ਦੀ ਬੰਦੀ ਦੇ ਮਾਮਲੇ ਨੂੰ ਲੈ ਕੇ ਜਥੇਬੰਦੀ ਵੱਲੋਂ ਅਨੇਕਾਂ ਵਾਰ ਸੰਘਰਸ਼ ਕੀਤਾ ਗਿਆ ਹੈ। ਜਥੇਬੰਦੀ ਦੇ ਸੀਨੀਅਰ ਆਗੂਆਂ ਗੁਰਾਂਦਿੱਤਾ ਸਿੰਘ ਭਾਗਸਰ, ਕਾਮਰੇਡ ਜਗਦੇਵ ਸਿੰਘ, ਹਰਫੂਲ ਸਿੰਘ, ਨਰ ਸਿੰਘ ਅਕਾਲੀ, ਅਜਾਇਬ ਸਿੰਘ ਤੇ ਸੁਖਮੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਨਹਿਰ ਮਹਿਕਮੇ ਨੇ ਨਹਿਰੀ ਪਾਣੀ ਦੀ ਬੰਦੀ ਵਿਚ ਕੱਟ ਲਾਉਣਾ ਬੰਦ ਨਾ ਕੀਤਾ ਤਾਂ ਜਥੇਬੰਦੀ ਇਸ ਦਾ ਸਖਤ ਵਿਰੋਧ ਕਰੇਗੀ।

ਚੁੱਪ ਹੈ ਖੇਤੀਬਾੜੀ ਮਹਿਕਮਾ

ਦੂਜੇ ਪਾਸੇ ਕਿਸਾਨਾਂ ਨੂੰ ਹਰ ਸਮੇਂ ਰਾਏ-ਮਸ਼ਵਰਾ ਦੇਣ ਵਾਲਾ ਖੇਤੀਬਾੜੀ ਮਹਿਕਮਾ ਵੀ ਬਿਲਕੁੱਲ ਚੁੱਪ ਹੈ ਅਤੇ ਕਿਸਾਨਾਂ ਦੇ ਹੱਕ ਦੀ ਗੱਲ ਨਹੀ ਕਰ ਰਿਹਾ। ਇੰਝ ਲੱਗ ਹੈ ਜਿਵੇਂ ਖੇਤੀਬਾੜੀ ਮਹਿਕਮੇ ਅਤੇ ਨਹਿਰ ਮਹਿਕਮੇ ਦੇ ਅਧਿਕਾਰੀਆਂ ਵਿਚ ਆਪਸੀ ਤਾਲਮੇਲ ਹੀ ਨਾ ਹੋਵੇ। ਹੁਣ ਜਦ ਝੋਨਾ ਲੱਗ ਰਿਹਾ ਹੈ ਤਾਂ ਖੇਤੀਬਾੜੀ ਮਹਿਕਮੇ ਨੂੰ ਸਿਫਾਰਿਸ਼ ਕਰਨੀ ਚਾਹੀਦੀ ਹੈ ਕਿ ਨਹਿਰ ਮਹਿਕਮਾ ਐਸੇ ਮੌਕੇ 'ਤੇ ਨਹਿਰੀ ਪਾਣੀ ਦੀ ਬੰਦੀ ਨਾ ਕਰੇ।

ਨਹਿਰ ਮਹਿਕਮੇ ਦੇ ਐਸ.ਡੀ.ਓ. ਰਮਨਦੀਪ ਸਿੰਘ ਸਿੱਧੂ ਦਾ ਪੱਖ

ਜਦ 'ਜਗ ਬਾਣੀ' ਦੇ ਇਸ ਪੱਤਰਕਾਰ ਵੱਲੋਂ ਐਸ.ਡੀ.ਓ. ਕੈਨਾਲ ਸ੍ਰੀ ਮੁਕਤਸਰ ਸਾਹਿਬ ਰਮਨਦੀਪ ਸਿੰਘ ਸਿੱਧੂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਪੱਸ਼ਟ ਕੀਤਾ ਕਿ ਉਕਤ ਰਜਬਾਹਿਆਂ ਵਿਚ 15 ਜੂਨ ਤੋਂ 21 ਜੂਨ ਤੱਕ ਇਕ ਹਫ਼ਤੇ ਦੀ ਬੰਦੀ ਸਰਕਾਰੀ ਹਦਾਇਤਾਂ ਮੁਤਾਬਿਕ ਕੀਤੀ ਜਾ ਰਹੀ ਹੈ। ਕਿਉਕਿ ਪਿੱਛੇ ਹੀ ਪਾਣੀ ਘੱਟ ਹੈ ਅਤੇ ਸਰਹੰਦ ਫੀਡਰ ਨਹਿਰ ਵਿਚ ਵੀ ਪਾਣੀ ਦੀ ਮਾਤਰਾ ਘੱਟ ਹੈ। ਉਹਨਾ ਕਿਹਾ ਕਿ ਪਹਿਲਾਂ ਇਸ ਖੇਤਰ ਵਿਚ ਕਦੇ ਵੀ ਨਹਿਰੀ ਪਾਣੀ ਦੀ ਘਾਟ ਨਹੀ ਆਉਣ ਦਿੱਤੀ ਗਈ।

 

Harinder Kaur

This news is Content Editor Harinder Kaur