ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਗਰਭਪਾਤ ਹੋਣ ਦੀ ਸੂਰਤ ''ਚ ਤੁਰੰਤ ਰਿਪੋਰਟ ਕਰਨ ਦੇ ਹੁਕਮ

09/23/2017 6:51:00 AM

ਅੰਮ੍ਰਿਤਸਰ, (ਦਲਜੀਤ)- ਸਿਵਲ ਸਰਜਨ ਅੰਮ੍ਰਿਤਸਰ ਡਾ. ਨਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਅਨੈਕਸੀ ਹਾਲ ਦਫਤਰ ਸਿਵਲ ਸਰਜਨ ਵਿਖੇ ਪੀ. ਸੀ.-ਪੀ. ਐੱਨ. ਡੀ. ਟੀ. ਤੇ ਐੱਮ. ਡੀ. ਆਰ. ਸਬੰਧੀ ਜ਼ਿਲਾ ਪੱੱਧਰੀ ਵਰਕਸ਼ਾਪ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਅਤੇ ਲਿੰਗ ਅਨੁਪਾਤ ਨੂੰ ਵਧਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ, ਖਾਸ ਕਰ ਕੇ ਪੈਰਾ-ਮੈਡੀਕਲ ਸਟਾਫ, ਏ. ਐੱਨ. ਐੱਮ., ਐੱਲ. ਐੱਚ. ਵੀ., ਆਸ਼ਾ ਵਰਕਰਾਂ ਆਦਿ ਨੂੰ ਹਦਾਇਤਾਂ ਕੀਤੀਆਂ ਕਿ ਉਹ ਆਪਣੇ ਸਰਵੇ ਦਾ ਰਿਕਾਰਡ ਅਪਡੇਟ ਕਰਨ, ਐਂਟੀ-ਨੇਟਲ ਕੇਸਾਂ ਦੀ ਜਲਦੀ ਅਤੇ ਪੂਰਨ ਰਜਿਸਟ੍ਰੇਸ਼ਨ, ਏ. ਐੱਨ. ਸੀ. ਚੈੱਕਅਪ, ਐੱਮ. ਟੀ. ਪੀ. ਕੇਸ ਆਦਿ ਦਾ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਅਤੇ ਕੋਈ ਵੀ ਗਰਭਪਾਤ ਹੋਣ ਦੀ ਸੂਰਤ ਵਿਚ ਤੁਰੰਤ ਰਿਪੋਰਟ ਕਰਨ। ਹਰੇਕ ਮਹੀਨੇ 9 ਤਰੀਕ ਨੂੰ ਕੀਤੇ ਜਾਣ ਵਾਲੇ ਪ੍ਰਧਾਨ ਮੰਤਰੀ ਮਾਤਰੇਤਿਵ ਸੁਰੱਖਿਆ ਯੋਜਨਾ ਸਕੀਮ, ਮਮਤਾ ਦਿਵਸ ਤੇ ਜਾਗਰੂਕਤਾ ਕੈਂਪਾਂ ਦੌਰਾਨ ਪੀ. ਸੀ.-ਪੀ. ਐੱਨ. ਡੀ. ਟੀ. ਐਕਟ ਅਤੇ ਭਰੂਣ ਹੱਤਿਆ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ ਨੇ ਐੱਮ. ਡੀ. ਆਰ. ਕੇਸਾਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਕਿਹਾ ਕਿ ਹਾਈ ਰਿਸਕ ਪ੍ਰੈਗਨੈਂਸੀ, ਹਾਈਪਰਟੈਂਸ਼ਨ, ਅਨੀਮੀਆ ਆਦਿ ਵਾਲੇ ਕੇਸਾਂ ਦਾ ਖਾਸ ਤੌਰ 'ਤੇ ਧਿਆਨ ਦਿੱਤਾ ਜਾਵੇ ਅਤੇ ਸਮੇਂ-ਸਮੇਂ ਸਿਰ ਚੈੱਕਅਪ ਅਤੇ ਇਲਾਜ ਕਰਵਾਇਆ ਜਾਵੇ ਤਾਂ ਜੋ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਵੱਧ ਤੋਂ ਵੱਧ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਡਾ. ਨੀਲਮ ਭਗਤ ਨੇ ਐੱਮ. ਡੀ. ਆਰ. ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਤੇ ਵੱਖ-ਵੱਖ ਸੈਂਟਰਾਂ ਤੋਂ ਆਏ ਪੈਰਾ-ਮੈਡੀਕਲ ਸਟਾਫ ਮੌਜੂਦ ਸੀ।