ਓ.ਪੀ. ਸੋਨੀ ਵੱਲੋਂ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼

10/16/2021 11:28:59 AM

ਚੰਡੀਗੜ੍ਹ (ਬਿਊਰੋ) : ਸਰਕਾਰ ਵੱਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਸੂਬੇ ’ਚ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਸ ਯੋਜਨਾ ਅਧੀਨ 15 ਲੱਖ ਹੋਰ ਪਰਿਵਾਰਾਂ ਨੂੰ ਕਵਰ ਕਰਨ ਲਈ ਇਸ ਦਾ ਦਾਇਰਾ ਵਧਾਇਆ ਜਾਵੇਗਾ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਸ ਬਾਰੇ ਜਾਣਕਾਰੀ ਦਿੰਦਿਆਂ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਇਸ ਨਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਮਿਲ ਸਕੇਗਾ। ਦੱਸਣਯੋਗ ਹੈ ਕਿ ਇਸ ਸਕੀਮ ਅਧੀਨ ਸਲਾਨਾ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਦਿੱਤਾ ਜਾਂਦਾ ਹੈ। ਸਕੱਤਰ ਸਿਹਤ, ਸੰਯੁਕਤ ਸਕੱਤਰ ਸਿਹਤ, ਐੱਸ. ਐੱਚ. ਏ. ਅਧਿਕਾਰੀ, ਬੀਮਾ ਕੰਪਨੀ ਦੇ ਨੁਮਾਇੰਦੇ ਅਤੇ ਆਈ. ਐੱਮ. ਏ. ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਓ.ਪੀ. ਸੋਨੀ ਨੇ ਕਿਹਾ ਕਿ ਬੀਮਾ ਕੰਪਨੀ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸੂਚੀਬੱਧ ਇੱਕ ਨਿੱਜੀ ਹਸਪਤਾਲ ਦੀ ਸੂਚੀਬੱਧਤਾ ਮੁਅੱਤਲ ਕਰਨ ਸਬੰਧੀ ਪਿਛਲੇ ਦਿਨੀਂ ਪ੍ਰਕਾਸ਼ਿਤ ਇੱਕ ਖਬਰ ਦਾ ਨੋਟਿਸ ਲੈਂਦਿਆਂ ਇਸ ਮਸਲੇ ਦੇ ਹੱਲ ਲਈ ਇਹ ਵਿਸ਼ੇਸ਼ ਮੀਟਿੰਗ ਸੱਦੀ ਗਈ।

ਇਹ ਵੀ ਪੜ੍ਹੋ : ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਸੂਬੇ ਭਰ ’ਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ : ਸੋਨੀ

ਸਬੰਧਤ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਉਪ ਮੁੱਖ ਮੰਤਰੀ ਨੇ  ਬੀਮਾ ਕੰਪਨੀ ਨੂੰ ਸੂਚੀਬੱਧ ਨਿੱਜੀ ਹਸਪਤਾਲਾਂ ਦੀ ਮੁਅੱਤਲੀ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਨੂੰ ਬੀਮਾ ਕੰਪਨੀ ਨੇ ਆਪਣੇ ਆਪ ਮੁਅੱਤਲ ਕਰ ਦਿੱਤਾ ਸੀ। ਓ.ਪੀ. ਸੋਨੀ ਨੇ ਆਈ. ਐੱਮ. ਏ. ਨੂੰ ਭਰੋਸਾ ਦਿਵਾਇਆ ਕਿ ਪ੍ਰਾਈਵੇਟ ਹਸਪਤਾਲਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਬੀਮਾ ਕੰਪਨੀ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਸਮਾਜ ਦੀ ਸਿੱਖਿਆ ਅਤੇ ਸਿਹਤ ’ਤੇ ਕੇਂਦਰਿਤ ਹੈ ਅਤੇ ਇਸ ’ਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਉਸੇ ਸਮਰਪਣ ਅਤੇ ਜੋਸ਼ ਨਾਲ ਕੰਮ ਕਰਦੇ ਰਹਿਣ ਦੀ ਲੋੜ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਕੋਰੋਨਾ ਕਾਲ ਵਿਚ ਕਰ ਕੇ ਵਿਖਾਇਆ।   

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ :  ਸਕੂਲ ਤੋਂ ਪਰਤ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha