ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀ ਖਰੀਦਣ ਲਈ ਦਿੱਤੇ ਜਾਣਗੇ ਪੈਸੇ : ਸੋਨੀ

06/30/2018 7:01:08 AM

ਅੰਮ੍ਰਿਤਸਰ (ਕਮਲ/ ਵਾਲੀਆ) - ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਐਲਾਨ ਕੀਤਾ ਕਿ ਅਗਲੇ ਵਰ੍ਹੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਸਕੂਲ ਦੀ ਵਰਦੀ ਖਰੀਦਣ ਲਈ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਏ ਜਾਣਗੇ। ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਦੇ ਮਾਪੇ ਆਪਣੀ ਪਸੰਦ ਦੇ ਕੱਪੜੇ ਖੁਦ ਖਰੀਦ ਸਕਣ । ਇਸ ਤੋਂ ਇਲਾਵਾ ਸਕੂਲਾਂ ਵਿਚ ਮਿਡ-ਡੇ ਮੀਲ ਦੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਇਸ ਵਿਚ ਠੇਕੇਦਾਰੀ ਪ੍ਰਣਾਲੀ ਬੰਦ ਕੀਤੀ ਜਾਵੇਗੀ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਪੈਸੇ ਵੀ ਬੱਚਿਆਂ ਦੇ ਮਾਪਿਆਂ ਨੂੰ ਬੈਂਕਾਂ ਜ਼ਰੀਏ ਦਿੱਤੇ ਜਾਣ ਤਾਂ ਕਿ ਖਾਣੇ ਦੀ ਸ਼ਿਕਾਇਤ ਹੀ ਬੰਦ ਹੋ ਜਾਵੇ। ਸੋਨੀ ਨੇ ਇਹ ਐਲਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਅਧੀਨ ਭਰਤੀ ਕੀਤੇ ਗਏ 2022 ਉਮੀਦਵਾਰਾਂ ਨੂੰ ਨੌਕਰੀ ਪੇਸ਼ਕਸ਼ ਪੱਤਰ ਦੇਣ ਲਈ ਅੰਮ੍ਰਿਤਸਰ 'ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਵਿੱਦਿਅਕ ਵਰ੍ਹੇ ਤੋਂ ਸਕੂਲਾਂ 'ਚ ਮਿਲਦੀਆਂ ਕਿਤਾਬਾਂ ਵਿਚ ਦੇਰੀ ਨਹੀਂ ਹੋਵੇਗੀ ਤੇ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲਣਗੀਆਂ। ਅੱਜ ਭਰਤੀ ਕੀਤੇ ਅਧਿਆਪਕਾਂ ਵਿਚ ਸਮਾਜਿਕ ਸਿੱਖਿਆ ਦੇ 252, ਹਿਸਾਬ ਦੇ 504, ਸਾਇੰਸ ਦੇ 977 ਤੇ ਪੰਜਾਬੀ ਦੇ 289 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ।
ਨਵੇਂ ਚੁਣੇ ਅਧਿਆਪਕਾਂ ਨੂੰ ਆਸ਼ੀਰਵਾਦ ਦਿੰਦਿਆਂ ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਡਿੱਗ ਚੁੱਕਾ ਪੱਧਰ ਉੱਚਾ ਚੁੱਕਣ ਲਈ ਦ੍ਰਿੜ੍ਹ ਹੈ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਅਤੇ ਤੁਸੀਂ ਵੱਖ-ਵੱਖ ਕੁਦਰਤੀ ਸਮੱਸਿਆਵਾਂ ਪ੍ਰਤੀ ਬੱਚਿਆਂ ਨੂੰ ਸਮਝਾਓ ਤਾਂ ਜੋ ਪੰਜਾਬ ਦਾ ਪੌਣ-ਪਾਣੀ ਸੰਭਾਲਣ ਲਈ ਇਹ ਬੱਚੇ ਅੱਗੇ ਆਉਣ। ਇਸ ਮੌਕੇ ਸੈਕਟਰੀ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਹਰਮਿੰਦਰ ਸਿੰਘ ਗਿੱਲ, ਰਾਜ ਕੁਮਾਰ ਵੇਰਕਾ ਤੇ ਸੁਨੀਲ ਦੱਤੀ ਨੇ ਵੀ ਸੰਬੋਧਨ ਕੀਤਾ। ਸਮਾਗਮ 'ਚ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਤੇ ਇੰਦਰਬੀਰ ਸਿੰਘ ਬੁਲਾਰੀਆ, ਧਰਮਬੀਰ ਅਗਨੀਹੋਤਰੀ, ਤਰਸੇਮ ਸਿੰਘ ਡੀ. ਸੀ., ਸੰਤੋਖ ਸਿੰਘ ਭਲਾਈਪੁਰ (ਸਾਰੇ ਵਿਧਾਇਕ), ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਿਸ, ਮਮਤਾ ਦੱਤਾ ਤੇ ਕਾਂਗਰਸ ਦੇ ਹੋਰ ਸੀਨੀਅਰ ਨੇਤਾ ਹਾਜ਼ਰ ਸਨ।