ਸਿਰਫ ਦੋ ਅਧਿਆਪਕਾਂ ਸਹਾਰੇ ਚੱਲ ਰਹੇ ਨੇ ਸਰਕਾਰੀ ਹਾਈ ਸਕੂਲ

09/25/2017 12:57:25 AM

ਨੂਰਪੁਰਬੇਦੀ, (ਅਵਿਨਾਸ਼/ਸ਼ਰਮਾ)- ਸਿੱਖਿਆ ਵਿਭਾਗ ਭਾਵੇਂ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪੂਰਾ ਜ਼ੋਰ ਲਾ ਰਿਹਾ ਹੈ ਪਰ ਸਰਕਾਰੀ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਪੋਸਟਾਂ ਕਾਰਨ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਤੋਂ ਗੁਰੇਜ਼ ਕਰ ਰਹੇ ਹਨ। ਕੀ ਪੰਜ-ਪੰਜ ਜਮਾਤਾਂ ਵਾਲੇ ਸਰਕਾਰੀ ਹਾਈ ਸਕੂਲ ਵਿਚ ਸਿਰਫ ਦੋ ਅਧਿਆਪਕ 9-9 ਵਿਸ਼ੇ ਪੜ੍ਹਾ ਸਕਦੇ ਹਨ? ਕੀ ਅਜਿਹੇ ਸਕੂਲਾਂ ਵਿਚ ਪੜ੍ਹੇ ਵਿਦਿਆਰਥੀ ਆਪਣੇ ਜੀਵਨ ਵਿਚ ਅਫਸਰ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ, ਸ਼ਾਇਦ ਨਹੀਂ। ਅਜਿਹੀ ਤ੍ਰਾਸਦੀ ਹੈ ਨੂਰਪੁਰਬੇਦੀ ਇਲਾਕੇ ਦੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਰਮਸਾ) ਤਹਿਤ ਦਸਵੀਂ ਤੱਕ ਅਪਗ੍ਰੇਡ ਹੋਏ ਦੋ ਸਕੂਲਾਂ ਦੀ। ਨੂਰਪੁਰਬੇਦੀ ਬਲਾਕ ਦੀ ਉੱਪਰਲੀ ਘਾਟ ਦੇ ਨੀਮ ਪਹਾੜੀ ਖਿੱਤੇ 'ਚ ਪਿੰਡ ਖੱਡਬਠਲੌਰ ਤੇ ਘਾਹੀਮਾਜਰਾ ਦੇ ਸਰਕਾਰੀ ਮਿਡਲ ਸਕੂਲਾਂ ਨੂੰ ਪਿਛਲੀ ਸਰਕਾਰ ਨੇ ਦਸਵੀਂ ਤੱਕ ਅਪਗ੍ਰੇਡ ਕਰ ਦਿੱਤਾ ਸੀ ਪਰ ਇਨ੍ਹਾਂ ਸਕੂਲਾਂ ਦੀ ਤ੍ਰਾਸਦੀ ਇਹ ਹੈ ਕਿ ਇਨ੍ਹਾਂ ਵਿਚ ਸਰਕਾਰ ਨੇ ਹੁਣ ਤੱਕ ਨਾ ਤਾਂ ਪੂਰੇ ਅਧਿਆਪਕ ਭੇਜੇ ਤੇ ਨਾ ਹੀ ਲੋੜੀਂਦਾ ਇਨਫ੍ਰਾਸਟਰੱਕਚਰ। ਸਰਕਾਰੀ ਹਾਈ ਸਕੂਲ ਘਾਹੀਮਾਜਰਾ ਕਹਿਣ ਨੂੰ ਤਾਂ ਭਾਵੇਂ ਹਾਈ ਸਕੂਲ ਹੈ ਪਰ ਇਸ ਦੀ ਹਾਲਤ ਇਕ ਪ੍ਰਾਇਮਰੀ ਸਕੂਲ ਨਾਲੋਂ ਵੀ ਮਾੜੀ ਹੈ।
ਇਸ ਹਾਈ ਸਕੂਲ ਵਿਚ ਛੇਵੀਂ ਤੋਂ ਦਸਵੀਂ ਕਲਾਸ ਤੱਕ ਪੰਜ ਕਲਾਸਾਂ ਪੜ੍ਹਾਉਣ ਲਈ ਸਿਰਫ ਦੋ ਅਧਿਆਪਕ ਹਨ, ਜਿਸ ਕਰਕੇ ਬਹੁਤੇ ਪਿੰਡ ਵਾਸੀ ਆਪਣੇ ਪਿੰਡ ਵਿਚ ਹੀ ਹਾਈ ਸਕੂਲ ਹੋਣ ਦੇ ਬਾਵਜੂਦ ਆਪਣੇ ਬੱਚੇ ਦੂਰ-ਦੁਰਾਡੇ ਦੇ ਸਕੂਲਾਂ ਵਿਚ ਪੜ੍ਹਨ ਭੇਜਣ ਲਈ ਮਜਬੂਰ ਹਨ। ਘਾਹੀਮਾਜਰਾ ਦੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਅਧਿਆਪਕ ਤੇ ਹੋਰ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਆਪਣੇ ਬੱਚੇ ਸਰਕਾਰੀ ਸਕੂਲ ਮਾਣਕੂਮਾਜਰਾ ਜਾਂ ਹੋਰ ਨਿੱਜੀ ਸਕੂਲਾਂ ਵਿਚ ਦਾਖਲ ਕਰਵਾਏ ਹੋਏ ਹਨ। 
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਤੱਕ 45 ਬੱਚੇ ਹਨ, ਜਦਕਿ 9ਵੀਂ ਵਿਚ ਸਿਰਫ 6 ਅਤੇ ਦਸਵੀਂ ਵਿਚ ਸਿਰਫ 11 ਬੱਚੇ ਹਨ। ਪਿੰਡ ਦੇ ਗੁਰਮੀਤ ਸਿੰਘ ਤੇ ਰਾਮ ਕੁਮਾਰ ਨੇ ਦੱਸਿਆ ਕਿ ਸਕੂਲ ਵਿਚ ਅਧਿਆਪਕ ਨਾ ਹੋਣ ਕਾਰਨ ਬਹੁਤੇ ਲੋਕਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ 9ਵੀਂ ਅਤੇ 10ਵੀਂ ਕਲਾਸ ਵਿਚ ਦਾਖਲ ਨਹੀਂ ਕਰਵਾਏ। ਪਿੰਡ ਦੇ ਸਰਪੰਚ ਸੁਰਜੀਤ ਕੁਮਾਰ ਅਤੇ ਬਾਬਾ ਕਰੌਲਗੜ੍ਹ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਘਾਹੀਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਵਿਚ ਅਧਿਆਪਕਾਂ ਦੀਆਂ ਆਸਾਮੀਆਂ ਭਰੀਆਂ ਜਾਣ ਤਾਂ ਕਿ ਲੋਕਾਂ ਨੂੰ ਹਾਈ ਸਕੂਲ ਦੀ ਸਹੂਲਤ ਮਿਲ ਸਕੇ।