ਜਾਗਰੂਕ ਤੇ ਸਿੱਖਿਅਤ ਔਰਤਾਂ ਹੀ ਕਰ ਸਕਦੀਆਂ ਹਨ ਸਮਾਜ ਦਾ ਵਿਕਾਸ : ਰਾਸ਼ਟਰਪਤੀ

03/01/2018 6:48:58 AM

ਚੰਡੀਗੜ੍ਹ (ਵਿਜੇ) - ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੇਟੀਆਂ ਨੂੰ ਬਿਹਤਰ ਸਿੱਖਿਆ ਦੇਣਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਦੱਸਿਆ। ਬੁੱਧਵਾਰ ਨੂੰ ਇਥੇ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਦੇ ਗੋਲਡਨ ਜੁਬਲੀ ਸਮਾਰੋਹ 'ਚ ਉਨ੍ਹਾਂ ਕਿਹਾ ਕਿ ਇਕ ਸਿੱਖਿਅਤ ਧੀ ਘੱਟ ਤੋਂ ਘੱਟ ਦੋ ਪਰਿਵਾਰਾਂ ਨੂੰ ਸਿੱਖਿਅਤ ਤੇ ਗਿਆਨ ਦੇ ਮਹੱਤਵ ਤੋਂ ਜਾਣੂ ਕਰਵਾਉਂਦੀ ਹੈ। ਉਹ ਆਪਣੇ ਪਰਿਵਾਰ ਦੇ ਭਵਿੱਖ ਦੀ ਬਿਹਤਰ ਦੇਖਭਾਲ ਕਰਦੀ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਿੱਖਿਅਤ ਕਰਦੀ ਹੈ। ਕਿਸੇ ਸਮਾਜ ਦਾ ਵਿਕਾਸ ਠੀਕ ਮਾਇਨਿਆਂ 'ਚ ਉਦੋਂ ਹੁੰਦਾ ਹੈ, ਜਦੋਂ ਉਸ ਸਮਾਜ ਦੀਆਂ ਔਰਤਾਂ ਜਾਗਰੂਕ ਤੇ ਸਿੱਖਿਅਤ ਹੋਣ।
ਕੋਵਿੰਦ ਨੇ ਕਿਹਾ ਕਿ ਪੜ੍ਹ-ਲਿਖ ਕੇ ਬੇਟੀਆਂ ਅੱਜ ਨੌਕਰੀਆਂ 'ਚ ਆਪਣੇ ਹੁਨਰ ਦੀ ਵਰਤੋਂ ਕਰ ਰਹੀਆਂ ਹਨ। ਆਈ. ਟੀ. ਖੇਤਰ 'ਚ ਬੇਟੀਆਂ ਦੀ ਗਿਣਤੀ ਪਿਛਲੇ ਸਾਲਾਂ 'ਚ ਕਾਫੀ ਵਧੀ ਹੈ। ਇਸ ਤਰ੍ਹਾਂ ਉੱਚ ਸਿੱਖਿਆ 'ਚ ਬੇਟੀਆਂ ਦੀ ਨਾਮਜ਼ਦਗੀ 2015-16 'ਚ ਲਗਭਗ 46 ਫੀਸਦੀ ਤਕ ਪਹੁੰਚ ਗਈ ਹੈ ਪਰ ਤਕਨੀਕੀ ਤੇ ਇੰਜੀਨੀਅਰਿੰਗ ਵਰਗੇ ਖੇਤਰਾਂ 'ਚ ਹੁਣ ਵੀ ਉਨ੍ਹਾਂ ਦਾ ਯੋਗਦਾਨ ਕੁਝ ਘੱਟ ਹੈ।
ਕੋਵਿੰਦ ਦੇ ਕਾਫਿਲੇ 'ਚ ਦਾਖਿਲ ਹੋਇਆ ਨੌਜਵਾਨ
ਚੰਡੀਗੜ੍ਹ, (ਸੁਸ਼ੀਲ)-ਪੰਜਾਬ ਰਾਜ ਭਵਨ ਤੋਂ ਸੈਕਟਰ-36 ਸਥਿਤ ਐੱਮ. ਸੀ. ਐੱਮ. ਕਾਲਜ 'ਚ ਗੋਲਡਨ ਜੁਬਲੀ ਸਮਾਰੋਹ 'ਚ ਸ਼ਾਮਲ ਹੋਣ ਜਾ ਰਹੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਕਾਫਿਲੇ 'ਚ ਬੁੱਧਵਾਰ ਸਵੇਰੇ ਸੈਕਟਰ-16 ਹਸਪਤਾਲ ਦੇ ਚੌਕ ਕੋਲ ਇਕ ਨੌਜਵਾਨ ਆ ਗਿਆ। ਉਹ ਸੜਕ ਪਾਰ ਕਰਨ ਲੱਗਾ ਸੀ। ਵੀ. ਵੀ. ਆਈ. ਪੀ. ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਕਾਫਿਲੇ 'ਚ ਆਉਣ ਵਾਲੇ ਨੌਜਵਾਨ ਨੂੰ ਦੌੜ ਕੇ ਕਾਬੂ ਕਰਕੇ ਪਾਸੇ ਕੀਤਾ। ਨੌਜਵਾਨ ਨੇ ਦੱਸਿਆ ਕਿ ਉਹ ਕਾਲਜ ਜਾਣ ਲਈ ਲੇਟ ਹੋ ਗਿਆ ਸੀ ਤੇ ਬੱਸ 'ਚ ਚੜ੍ਹਨ ਲਈ ਸੜਕ ਪਾਰ ਕਰਨ ਲੱਗਾ ਸੀ ਪਰ ਉਸਨੂੰ ਰਾਸ਼ਟਰਪਤੀ ਦੇ ਕਾਫਿਲੇ ਦੀ ਜਾਣਕਾਰੀ ਨਹੀਂ ਸੀ।