ਸਿਰਫ 6 ਪੁਲਸ ਕਰਮਚਾਰੀਆਂ ਦੇ ਸਹਾਰੇ ਚਲ ਰਹੀ ਹੈ ਆਰ. ਸੀ. ਐੱਫ. ਇਲਾਕੇ ਦੀ ਸੁਰੱਖਿਆ

06/30/2017 5:01:38 PM


ਕਪੂਰਥਲਾ(ਗੌਰਵ)-ਦੇਸ਼ ਦੇ ਪ੍ਰਮੁੱਖ ਉਦਯੋਗਿਕ ਸੰਸਥਾਨ ਰੇਲ ਕੋਚ ਫੈਕਟਰੀ ਤੇ ਆਸ-ਪਾਸ ਦੇ ਰਹਿਣ ਵਾਲੇ 40,000 ਲੋਕਾਂ ਦੀ ਸੁਰੱਖਿਆ ਲਈ ਉਤਰਦਾਈ ਆਰ. ਸੀ. ਐੱਫ. ਪੁਲਸ ਚੌਕੀ ਮਾਤਰ 6 ਪੁਲਸ ਕਰਮਚਾਰੀਆਂ ਦੇ ਸਹਾਰੇ ਚਲ ਰਹੀ ਹੈ। ਪੁਲਸ ਚੌਕੀ ਦੀ ਹਾਲਤ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਜਦੋਂ ਕੋਈ ਵੀ. ਆਈ. ਪੀ. ਡਿਊਟੀ ਆਉਂਦੀ ਹੈ ਤਾਂ ਪੁਲਸ ਚੌਕੀ 'ਚ ਕਰਮਚਾਰੀਆਂ ਦੀ ਗਿਣਤੀ ਕਈ ਵਾਰ ਕੇਵਲ ਤਿੰਨ ਤਕ ਹੀ ਰਹਿ ਜਾਂਦੀ ਹੈ, ਹਾਲਾਂਕਿ ਇੰਨੀ ਵੱਡੀ ਰੇਲ ਕੋਚ ਫੈਕਟਰੀ ਨੂੰ ਦੇਖਦੇ ਹੋਏ ਸੀਨੀਅਰ ਪੁਲਸ ਅਧਿਕਾਰੀਆਂ ਨੇ ਆਰ. ਸੀ. ਐੱਫ. ਪੁਲਸ ਚੌਕੀ ਨੂੰ ਥਾਣੇ 'ਚ ਤਬਦੀਲ ਕੀਤੇ ਜਾਣ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਅੱਜ ਤੱਕ ਅਮਲੀਜਾਮਾ ਨਹੀਂ ਪਹਿਨਾਇਆ ਗਿਆ। ਜ਼ਿਕਰਯੋਗ ਹੈ ਕਿ ਸਾਲ 1988 'ਚ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦੇਸ਼ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਸਮਰਪਿਤ ਕੀਤੀ ਸੀ, ਜਿਸਦੀ ਗਿਣਤੀ ਦੇਸ਼ ਦੇ ਵੱਡੇ ਰੇਲ ਕਾਰਖਾਨਿਆਂ 'ਚ ਹੁੰਦੀ ਸੀ। 90 ਦੇ ਦਹਾਕੇ 'ਚ ਪ੍ਰਦੇਸ਼ 'ਚ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹੀ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸੁਰੱਖਿਆ ਲਈ ਤਤਕਾਲੀਨ ਪੰਜਾਬ ਪੁਲਸ ਦੇ ਮਹਾਨਿਰਦੇਸ਼ਕ ਕੇ. ਪੀ. ਐੱਸ ਗਿੱਲ ਦੇ ਹੁਕਮਾਂ 'ਤੇ ਪਿੰਡ ਭੁਲਾਣਾ 'ਚ ਪੁਲਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ ਜਿਸ 'ਚ ਰੇਲ ਕੋਚ ਫੈਕਟਰੀ ਤੇ ਆਸ-ਪਾਸ ਦੇ ਕਰੀਬ 15 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਪਰ ਵਰਤਮਾਨ ਹਾਲਾਤਾਂ 'ਚ ਇੰਨੇ ਵੱਡੇ ਇਲਾਕੇ ਦੀ ਸੁਰੱਖਿਆ ਕਰ ਰਹੀ ਭੁਲਾਣਾ ਪੁਲਸ ਚੌਕੀ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਇਥੇ ਇਕ ਏ. ਐੱਸ. ਆਈ. ਸਮੇਤ ਮਾਤਰ 6, 7 ਪੁਲਸ ਕਰਮਚਾਰੀ ਹੀ ਤਾਇਨਾਤ ਹਨ, ਉਥੇ ਜ਼ਿਲੇ 'ਚ ਕਿਸੇ ਵੀ. ਆਈ. ਪੀ. ਦੇ ਆਗਮਨ 'ਤੇ ਹਾਲਾਤ ਇੰਨੇ ਤਰਸਯੋਗ ਹੋ ਜਾਂਦੇ ਹਨ ਕਿ ਵੀ. ਆਈ. ਪੀ. ਡਿਊਟੀ ਦੌਰਾਨ ਚੌਕੀ 'ਚ ਮਾਤਰ 2 ਜਾਂ 3 ਪੁਲਸ ਕਰਮਚਾਰੀ ਹੀ ਬਾਕੀ ਰਹਿ ਜਾਂਦੇ ਹਨ। ਜਿਸ ਕਾਰਨ ਸਮਾਜ ਵਿਰੋਧੀ ਅਨਸਰਾਂ ਨੂੰ ਕੰਟਰੋਲ ਕਰਨ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੈ। ਜ਼ਿਕਰਯੋਗ ਹੈ ਕਿ ਆਰ. ਸੀ. ਐੱਫ. ਇਲਾਕੇ ਦੀ ਵਧਦੀ ਜਨਸੰਖਿਆ ਨੂੰ ਦੇਖਦੇ ਹੋਏ ਪੁਲਸ ਥਾਣੇ ਦਾ ਐਲਾਨ ਵੀ ਕੀਤਾ ਸੀ ਪਰ ਫਿਲਹਾਲ ਇਸ ਐਲਾਨ ਨੂੰ ਅੱਜ ਤੱਕ ਅਮਲੀਜਾਮਾ ਨਹੀਂ ਪਹਿਨਾਇਆ ਗਿਆ, ਜਿਸਦੇ ਕਾਰਨ ਆਰ. ਸੀ. ਐੱਫ. ਖੇਤਰ ਦੀ ਸੁਰੱਖਿਆ ਰਾਮ ਭਰੋਸੇ ਚਲ ਰਹੀ ਹੈ।