ਆਨਲਾਈਨ ਰਜਿਸਟਰੀਆਂ ਬਣੀਆਂ ਲੋਕਾਂ ਲਈ ਸਿਰਦਰਦੀ

01/16/2018 9:09:21 AM

ਖਰੜ (ਅਮਰਦੀਪ) : ਭਾਵੇਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਵਪਾਰਕ ਰਜਿਸਟਰੀਆਂ ਆਨਲਾਈਨ ਕੀਤੀਆਂ ਗਈਆਂ ਹਨ ਪਰ ਇਹ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਰਹੀਆਂ ਹਨ। ਆਨਲਾਈਨ ਰਜਿਸਟਰੀਆਂ ਕਰਨ ਤੋਂ ਪਹਿਲਾਂ ਸਰਕਾਰੀ ਅਧਿਕਾਰੀਆਂ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੋ ਸਮਾਂ ਆਨਲਾਈਨ ਰਜਿਸਟਰੀਆਂ ਦਾ ਹਰ ਵਿਅਕਤੀ ਨਿਸ਼ਚਿਤ ਕਰੇਗਾ, ਉਸੇ ਸਮੇਂ ਰਜਿਸਟਰੀਆਂ ਹੋਣਗੀਆਂ ਪਰ ਅੱਜ ਖਰੜ ਤਹਿਸੀਲ ਦਫਤਰ ਵਿਖੇ ਲੋਕ ਰਜਿਸਟਰੀਆਂ ਕਰਵਾਉਣ ਲਈ ਖੱਜਲ-ਖੁਆਰ ਹੁੰਦੇ ਦੇਖੇ ਗਏ। ਸ਼ਾਮ 5 ਵਜੇ ਤਕ ਕੋਈ ਰਜਿਸਟਰੀ ਨਹੀਂ ਸੀ ਹੋਈ। ਲੋਕਾਂ ਦਾ ਕਹਿਣਾ ਸੀ ਕਿ ਕਿਸੇ ਨੇ 2 ਵਜੇ ਦਾ, ਕਿਸੇ ਨੇ 3 ਅਤੇ ਕਿਸੇ ਨੇ 4 ਵਜੇ ਦਾ ਸਮਾਂ ਲਿਆ ਹੋਇਆ ਸੀ। ਸ਼ਾਮ 5 ਵਜੇ ਤਕ ਕੋਈ ਵੀ ਰਜਿਸਟਰੀ ਨਹੀਂ ਸੀ ਕੀਤੀ ਗਈ। ਲੋਕ ਰਜਿਸਟਰੀ ਦਫਤਰ ਦੇ ਬਾਹਰ ਰਜਿਸਟਰੀਆਂ ਕਰਵਾਉਣ ਲਈ ਘੰਟਿਆਂਬੱਧੀ ਖੱਜਲ-ਖੁਆਰ ਹੁੰਦੇ ਦੇਖੇ ਗਏ।
ਕੀ ਕਹਿਣਾ ਹੈ ਨਾਇਬ ਤਹਿਸੀਲਦਾਰ ਦਾ 
ਇਸ ਸਬੰਧੀ ਸੰਪਰਕ ਕਰਨ 'ਤੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨੇ ਆਖਿਆ ਕਿ ਉਹ ਕਿਸੇ ਸਰਕਾਰੀ ਕੰਮ ਲਈ ਬਾਹਰ ਗਏ ਸਨ, ਜਿਸ ਕਾਰਨ ਅੱਜ ਰਜਿਸਟਰੀਆਂ ਕਰਨ ਵਿਚ ਦੇਰੀ ਜ਼ਰੂਰ ਹੋਈ ਹੈ। ਰਜਿਸਟਰੀਆਂ ਦਾ ਆਨਲਾਈਨ ਕੰਮ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਤੇ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਵਿਅਕਤੀ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।