ਹੁਣ ਕਪੂਰਥਲਾ ''ਚ ਵੀ ਰਜਿਸਟਰੀਆਂ ਹੋਣਗੀਆਂ ਆਨ-ਲਾਈਨ

02/10/2018 8:01:07 AM

ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ)- ਜ਼ਿਲਾ ਕਪੂਰਥਲਾ ਪੰਜਾਬ ਰਾਜ ਦਾ ਤੀਸਰਾ ਅਜਿਹਾ ਜ਼ਿਲਾ ਬਣ ਗਿਆ ਹੈ, ਜਿਥੇ ਕਿ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ਰਾਹੀਂ ਰਜਿਸਟਰੀਆਂ ਦਾ ਕੰਮ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਏ. ਡੀ. ਸੀ. ਫਗਵਾੜਾ ਮੈਡਮ ਬਬੀਤਾ ਕਲੇਰ ਨੇ ਤਹਿਸੀਲ ਕੰਪਲੈਕਸ ਕਪੂਰਥਲਾ ਵਿਖੇ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ ਨੂੰ ਲਾਂਚ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਸਾਫਟਵੇਅਰ ਐੱਨ. ਆਈ. ਸੀ. ਵੱਲੋਂ ਤਿਆਰ ਕੀਤਾ ਗਿਆ ਹੈ ਤੇ ਪੀ. ਐੱਲ. ਆਰ. ਐੱਸ. ਵੱਲੋਂ ਇਸ ਸਿਸਟਮ ਨੂੰ ਪੂਰੇ ਜ਼ਿਲੇ 'ਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਇਸ ਸਿਸਟਮ ਅਧੀਨ ਆਮ ਜਨਤਾ ਵੱਲੋਂ ਮਾਲ ਵਿਭਾਗ ਦੀ ਵੈੱਬਸਾਈਟ 'ਤੇ ਆਪਣਾ ਲਾਗਇਨ ਤਿਆਰ ਕੀਤਾ ਜਾ ਸਕਦਾ ਹੈ ਤੇ ਉਸ ਰਾਹੀਂ ਰਜਿਸਟਰੀ ਦੀ ਸਾਰੀ ਜਾਣਕਾਰੀ, ਦਸਤਾਵੇਜ਼ ਅਪਲੋਡ ਕਰਨ ਦੇ ਨਾਲ-ਨਾਲ ਰਜਿਸਟਰੀ ਕਰਵਾਉਣ ਲਈ ਮਿਲਣ ਦਾ ਸਮਾਂ ਲਿਆ ਜਾ ਸਕਦਾ ਹੈ। 
ਉਨ੍ਹਾਂ ਕਿਹਾ ਕਿ ਇਸ ਪੋਰਟਲ ਦੀ ਮਦਦ ਨਾਲ ਜ਼ਿਲੇ ਦੇ ਲੋਕ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਆਨ ਲਾਈਨ ਅਪੁਆਇੰਟਮੈਂਟ ਲੈ ਸਕਦੇ ਹਨ। ਲਈ ਗਈ ਅਪੁਆਇੰਟਮੈਂਟ ਸਬੰਧੀ ਤੇ ਹੋਰ ਕਈ ਜਾਣਕਾਰੀਆਂ ਵੀ ਖਰੀਦਦਾਰ ਤੇ ਵੇਚਣ ਵਾਲੇ ਨੂੰ ਐੱਸ. ਐੱਮ. ਐੱਸ. ਰਾਹੀਂ ਭੇਜੀਆਂ ਜਾਣਗੀਆਂ। ਇਸ ਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ 'ਚ ਸਮਾਂ ਵੀ ਘੱਟ ਲੱਗੇਗਾ ਤੇ ਪਾਰਦਰਸ਼ੀ ਤਰੀਕੇ ਨਾਲ ਇਸ ਸਰਵਿਸ ਦਾ ਲਾਭ ਵੀ ਲਿਆ ਜਾ ਸਕੇਗਾ। ਇਸ ਮੌਕੇ ਜੋਗਾ ਸਿੰਘ ਪੁੱਤਰ ਮਹਿੰਦਰ ਸਿੰਘ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਪਹਿਲੇ ਅਜਿਹੇ ਲਾਭਪਾਤਰੀ ਹਨ, ਜਿਨ੍ਹਾਂ ਦੀ ਰਜਿਸਟਰੀ ਇਸ ਸਿਸਟਮ ਰਾਹੀਂ ਕੀਤੀ ਗਈ। 
ਇਸ ਮੌਕੇ ਏ. ਡੀ. ਸੀ. (ਜ) ਰਾਹੁਲ ਚਾਬਾ, ਜ਼ਿਲਾ ਮਾਲ ਅਫਸਰ ਜਸ਼ਨਜੀਤ ਸਿੰਘ, ਤਹਿਸੀਲਦਾਰ ਕਪੂਰਥਲਾ ਮਨਵੀਰ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਕਪੂਰਥਲਾ ਸੁਖਦੇਵ ਸਿੰਘ ਬੰਗਰ, ਡੀ. ਆਰ. ਓ. ਸੰਜੀਵ ਗਾਬਾ, ਜ਼ਿਲਾ ਸਿਸਟਮ ਮੈਨੇਜਰ ਗਗਨਦੀਪ ਕੌਰ, ਫਰਦ ਕੇਂਦਰ ਇੰਚਾਰਜ ਬਰਜਿੰਦਰ ਸਿੰਘ, ਕੰਪਿਊਟਰ ਇੰਚਾਰਜ ਚੰਦਨ ਸ਼ਰਮਾ ਆਦਿ ਹਾਜ਼ਰ ਸਨ।