ਪੀ. ਏ. ਯੂ. ਵਲੋਂ ''ਪਿਆਜ'' ਨੂੰ ਦੇਰ ਤੱਕ ਸੰਭਾਲਣ ਦੀ ਤਕਨੀਕ ਵਿਕਸਿਤ

12/28/2019 3:01:04 PM

ਲੁਧਿਆਣਾ (ਸਲੂਜਾ) : ਪਿਆਜ ਭਾਰਤ 'ਚ ਸਬਜ਼ੀਆਂ ਪੱਖੋਂ ਬੇਹੱਦ ਅਹਿਮ ਫਸਲ ਹੈ। 2018-19 ਦੌਰਾਨ 23 ਮਿਲੀਅਨ ਟਨ ਦੇ ਕੁੱਲ ਉਤਪਾਦਨ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਪਿਆਜ ਉਤਪਾਦਕ ਦੇਸ਼ ਬਣਿਆ। ਕੁਝ ਸੂਬਿਆਂ 'ਚ ਮੌਸਮ ਦੀਆਂ ਔਖੀਆਂ ਸਥਿਤੀਆਂ ਕਾਰਨ ਹੀ ਭਾਰਤ 'ਚ ਪਿਆਜ ਦੀਆਂ ਕੀਮਤਾਂ 'ਚ ਵਾਧਾ ਦੇਖਣ 'ਚ ਆਉਂਦਾ ਹੈ। ਇਸ ਵਰ੍ਹੇ ਪਿਆਜ ਦੀਆਂ ਕੀਮਤਾਂ 'ਚ ਭਾਰੀ ਵਾਧਾ ਸਾਹਮਣੇ ਆਇਆ।

ਇਸ ਹਾਲਾਤ ਦੇ ਮੱਦੇਨਜ਼ਰ ਪੀ. ਏ. ਯੂ. ਦੇ ਭੋਜਨ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਨੇ ਪਿਆਜ ਨੂੰ ਦੇਰ ਤੱਕ ਸੰਭਾਲਣ ਲਈ ਸਸਤੇ ਉਤਪਾਦਾਂ ਦੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਬਹੁਤ ਘੱਟ ਖਰਚੇ 'ਤੇ ਪਿਊਰੀ ਆਦਿ ਬਣਾ ਕੇ ਲੰਮੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ। ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਇਸ ਤਕਨੀਕ ਦੇ ਤਹਿਤ ਪਿਆਜ ਨੂੰ ਪ੍ਰੋਸੈਸਿੰਗ ਤੋਂ ਬਾਅਦ ਵਰਤਣ ਲਈ ਪੇਸਟ 'ਚ ਬਦਲਿਆ ਜਾ ਸਕਦਾ ਹੈ। ਇਸ ਪੇਸਟ ਨੂੰ ਕਮਰੇ ਦੇ ਤਾਪਮਾਨ 'ਤੇ ਵੀ 6 ਮਹੀਨਿਆਂ ਲਈ ਸੰਭਾਲਿਆ ਜਾ ਸਕਦਾ ਹੈ। ਇਸ ਨਾਲ ਘਰਾਂ 'ਚ ਰਸੋਈ ਦੇ ਰੋਜ਼ਾਨਾ ਬਣਨ ਵਾਲ ਖਾਣਿਆਂ 'ਚ ਪਿਆਜ ਦੀ ਵਰਤੋਂ ਆਸਾਨ ਤੇ ਨਿਰੰਤਰ ਬਣ ਸਕਦੀ ਹੈ।

ਮਾਸਾਹਾਰੀ ਤੇ ਸ਼ਾਕਾਹਾਰੀ ਭੋਜਨ ਬਣਾਉਣ ਲਈ ਪਿਆਜ ਦੇ ਇਸ ਪੇਸਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਿਆਜ ਦੇ ਸੁਕਾਏ ਹੋਏ ਛਿਲਕਿਆਂ ਦੀ ਤਕਨੀਕ ਵੀ ਹੈ, ਜਿਸ ਨਾਲ ਇਕ ਸਾਲ ਤੱਕ ਪਿਆਜ ਨੂੰ ਵਰਤਣਯੋਗ ਹਾਲਤ 'ਚ ਭੰਡਾਰ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਪਿਅਜ ਵਾਲੇ ਸਨੈਕਸ ਬਣਾਏ ਜਾ ਸਕਦੇ ਹਨ। ਇਹ ਤਕਨੀਕਾਂ ਪੀ. ਏ. ਯੂ. ਨੇ ਸਰਕਾਰੀ ਤੇ ਗੈਰ-ਸਰਕਾਰੀ ਖੇਤਰ 'ਚ ਵਪਾਰੀਕਰਨ ਲਈ ਸਾਹਮਣੇ ਲਿਆਂਦੀਆਂ ਹਨ। ਕਿਸਾਨ ਵੀਰ ਅਤੇ ਬੀਬੀਆਂ, ਪੇਂਡੂ ਨੌਜਵਾਨ ਅਤੇ ਅਗਾਂਹਵਧੂ ਖੇਤੀ ਉੱਦਮੀ ਇਨ੍ਹਾਂ ਤਕਨੀਕਾਂ ਬਾਰੇ ਪੀ. ਏ. ਯੂ. ਦੇ ਭੋਜਨ ਇਨਕੂਬੇਸ਼ਨ ਸੈਂਟਰ ਤੋਂ ਹੋਰ ਸਿਖਲਾਈ ਪ੍ਰਾਪਤ ਕਰ ਸਕਦੇ ਹਨ।

Babita

This news is Content Editor Babita