ਪਿਆਜ਼ਾਂ ਨੇ ਪਹਿਲਾਂ ਰੁਲਾਏ ਖਪਤਕਾਰ, ਹੁਣ ਆੜ੍ਹਤੀ ਵੀ ਲਏ ਲਪੇਟ ''ਚ

12/13/2019 8:28:15 PM

ਹੁਸ਼ਿਆਰਪੁਰ, (ਘੁੰਮਣ)— ਪਿਛਲੇ ਕਰੀਬ 36 ਘੰਟਿਆਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਨੇ ਸ਼ਹਿਰ 'ਚ ਕੰਮਕਾਜ ਠੱਪ ਕਰ ਦਿੱਤੇ। ਫਗਵਾੜਾ ਰੋਡ 'ਤੇ ਸਥਿਤ ਨਵੀਂ ਸਬਜ਼ੀ ਮੰਡੀ ਦੇ ਕੱਛੂ ਦੀ ਚਾਲੇ ਨਿਰਮਾਣ ਅਧੀਨ ਸ਼ੈੱਡ ਦੇ ਮਿਆਰ ਦੀ ਵੀ ਮੀਂਹ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ੈੱਡ ਦੇ ਜਿਸ ਹਿੱਸੇ ਦੀ ਛੱਤ 'ਤੇ ਸ਼ੀਟਾਂ ਪਾਈਆਂ ਗਈਆਂ ਹਨ, ਉਨ੍ਹਾਂ 'ਚੋਂ ਲਗਾਤਾਰ ਪਾਣੀ ਰਿਸਣ ਕਾਰਣ ਅੱਜ ਲੱਖਾਂ ਰੁਪਏ ਦੇ ਪਿਆਜ਼ ਬਰਬਾਦ ਹੋ ਗਏ। ਸਭ ਤੋਂ ਜ਼ਿਆਦਾ ਨੁਕਸਾਨ ਪ੍ਰਮੁੱਖ ਆੜ੍ਹਤੀ ਹਰਚਰਨ ਸਿੰਘ ਸਚਦੇਵਾ ਦਾ ਹੋਇਆ ਹੈ। ਉਨ੍ਹਾਂ ਦੇ ਪਿਆਜ਼ ਦੇ ਸੈਂਕੜੇ ਤੋੜੇ ਸ਼ੈੱਡ ਹੇਠਾਂ ਪਏ ਸਨ। ਅੱਜ ਸਵੇਰੇ ਜਦੋਂ ਉਹ ਮੰਡੀ ਵਿਚ ਪੁੱਜੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। 100 ਰੁਪਏ ਕਿਲੋ ਤੱਕ ਵਿਕਣ ਵਾਲੇ ਪਿਆਜ਼ ਸ਼ੈੱਡ ਤੋਂ ਟਪਕ ਰਹੇ ਪਾਣੀ ਕਾਰਣ ਬਰਬਾਦ ਹੋ ਚੁੱਕੇ ਸਨ, ਜਿਸ ਨਾਲ ਉਨ੍ਹਾਂ ਅਤੇ ਕੁਝ ਹੋਰ ਆੜ੍ਹਤੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਪਿਆਜ਼ਾਂ ਨੇ ਪਹਿਲਾਂ ਰੁਲਾਏ ਖਪਤਕਾਰ, ਹੁਣ ਆੜ੍ਹਤੀ ਵੀ ਲਪੇਟ 'ਚ ਲਏ
ਪਿਆਜ਼ਾਂ ਦੀਆਂ ਵਧਦੀਆਂ ਕੀਮਤਾਂ ਕਾਰਣ ਜਿੱਥੇ ਪਹਿਲਾਂ ਖਪਤਕਾਰ ਰੋ ਰਹੇ ਹਨ, ਹੁਣ ਮੀਂਹ ਕਾਰਣ ਹੋਏ ਭਾਰੀ ਨੁਕਸਾਨ ਕਾਰਣ ਆੜ੍ਹਤੀ ਵੀ ਇਸ ਦੀ ਲਪੇਟ 'ਚ ਆ ਗਏ ਹਨ। ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਆੜ੍ਹਤੀ ਪਿਛਲੇ 1 ਸਾਲ ਤੋਂ ਰੌਲਾ ਪਾ ਰਹੇ ਹਨ ਕਿ ਸ਼ੈੱਡ ਜਲਦ ਬਣਾਈ ਜਾਵੇ ਅਤੇ ਉਸਾਰੀ ਕਾਰਜ ਦੀ ਕੁਆਲਿਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਸ਼ੈੱਡ ਠੀਕ ਨਾ ਬਣੀ ਤਾਂ ਬਰਸਾਤਾਂ 'ਚ ਬਹੁਤ ਨੁਕਸਾਨ ਹੋ ਸਕਦਾ ਹੈ ਅਤੇ ਇਹੀ ਹੋਇਆ। ਉਨ੍ਹਾਂ ਦੱਸਿਆ ਕਿ ਸ਼ੈੱਡ ਹੇਠਾਂ ਪਏ ਆਲੂ ਦੇ ਤੋੜੇ ਵੀ ਸ਼ੈੱਡ ਦੀ ਲੀਕੇਜ ਕਾਰਣ ਖਰਾਬ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ੈੱਡ ਦਾ ਕਰੀਬ ਅੱਧਾ ਹਿੱਸਾ ਬਿਨਾਂ ਛੱਤ ਤੋਂ ਹੈ, ਜਿਸ ਦੇ ਹੇਠਾਂ ਪਿਆ ਸਟਾਕ ਖਰਾਬ ਹੋ ਰਿਹਾ ਹੈ। ਪਿਆਜ਼ਾਂ ਦਾ ਕੰਮਕਾਜ ਕਰਨ ਵਾਲੇ ਇਕ ਹੋਰ ਪ੍ਰਮੁੱਖ ਆੜ੍ਹਤੀ ਕੁਲਵਿੰਦਰ ਸਿੰਘ ਸਚਦੇਵਾ ਨੇ ਦੱਸਿਆ ਕਿ ਮੀਂਹ ਦੇ ਪਾਣੀ ਨਾਲ ਜੋ ਪਿਆਜ਼ ਖਰਾਬ ਹੋਏ ਹਨ, ਉਹ ਕੌਡੀਆਂ ਦੇ ਭਾਅ ਵਿਕਣਗੇ। ਆੜ੍ਹਤੀਆਂ ਦੇ ਹੋਏ ਅਤੇ ਹੋ ਰਹੇ ਨੁਕਸਾਨ ਦਾ ਖਮਿਆਜ਼ਾ ਕੌਣ ਭਰੇਗਾ? ਮੰਡੀ 'ਚ ਮੌਜੂਦ ਹੋਰ ਆੜ੍ਹਤੀਆਂ ਸੰਦੀਪ ਠਾਕੁਰ, ਰਾਜ ਕੁਮਾਰ, ਸਤਨਾਮ ਸਿੰਘ, ਰਾਜ ਕੁਮਾਰ ਮਲਿਕ, ਜਸਵੰਤ ਸਿੰਘ, ਰਾਜ ਕੁਮਾਰ ਮਹਿਤਾ, ਅਸ਼ੀਸ਼ ਗਾਂਧੀ ਆਦਿ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਮੰਡੀ ਦੀ ਹਾਲਤ ਨਰਕ ਵਰਗੀ ਬਣੀ ਹੋਈ ਹੈ। ਚਾਰੇ ਪਾਸੇ ਫੈਲੀ ਗੰਦਗੀ ਮੀਂਹ ਦੇ ਦਿਨਾਂ 'ਚ ਬਦਬੂ ਮਾਰਨ ਲੱਗਦੀ ਹੈ, ਜਿਸ ਕਾਰਣ ਗਾਹਕ ਵੀ ਮੰਡੀ 'ਚ ਖਰੀਦਦਾਰੀ ਕਰਨ ਤੋਂ ਗੁਰੇਜ਼ ਕਰਦੇ ਹਨ। ਆੜ੍ਹਤੀਆਂ ਦੀ ਮੰਗ ਹੈ ਕਿ ਸਾਲ ਭਰ 'ਚ ਕਰੋੜਾਂ ਦੀ ਮਾਰਕੀਟ ਫੀਸ ਇਕੱਠੀ ਕਰਨ ਵਾਲੀ ਮਾਰਕੀਟ ਕਮੇਟੀ ਨੂੰ ਆੜ੍ਹਤੀਆਂ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਬੂੰਦਾਬਾਂਦੀ ਅਤੇ ਰਿਮਝਿਮ ਨੇ ਮੋਹਲੇਧਾਰ ਮੀਂਹ ਦਾ ਰੂਪ ਧਾਰ ਲਿਆ। ਤੇਜ਼ ਮੀਂਹ ਕਾਰਣ ਜਨ-ਜੀਵਨ ਅਸਤ-ਵਿਅਸਤ ਹੋ ਗਿਆ ਹੈ। ਤਾਪਮਾਨ 'ਚ ਕਮੀ ਆਉਣ ਨਾਲ ਸੀਤ ਲਹਿਰ ਵੀ ਕਾਫੀ ਤੇਜ਼ ਹੋ ਗਈ ਹੈ। ਇਸ ਦੌਰਾਨ ਲੋਕ ਘਰਾਂ 'ਚ ਬੈਠੇ ਰਹੇ। ਤੇਜ਼ ਮੀਂਹ ਦੌਰਾਨ ਮਹਾਰਾਣਾ ਪ੍ਰਤਾਪ ਚੌਕ (ਪ੍ਰਭਾਤ ਚੌਕ), ਜੱਸਾ ਸਿੰਘ ਆਹਲੂਵਾਲੀਆ ਚੌਕ, ਪ੍ਰੈਜ਼ੀਡੈਂਸੀ ਹੋਟਲ ਚੌਕ, ਸ਼ਿਮਲਾ ਪਹਾੜੀ, ਗੌਰਮਿੰਟ ਕਾਲਜ ਰੋਡ, ਬੱਸ ਸਟੈਂਡ ਰੋਡ, ਰੇਲਵੇ ਰੋਡ, ਫਗਵਾੜਾ ਰੋਡ, ਮਾਡਲ ਟਾਊਨ, ਨਵੀਂ ਆਬਾਦੀ, ਊਨਾ ਰੋਡ, ਸਿਵਲ ਲਾਈਨਜ਼, ਜ਼ਿਲਾ ਪ੍ਰਬੰਧਕੀ ਕੰਪਲੈਕਸ ਰੋਡ ਸਮੇਤ ਬਹੁਤ ਸਾਰੇ ਹੋਰ ਹਿੱਸਿਆਂ 'ਚ ਭਾਰੀ ਪਾਣੀ ਭਰਿਆ ਦੇਖਣ ਨੂੰ ਮਿਲਿਆ।

KamalJeet Singh

This news is Content Editor KamalJeet Singh