ਕਾਂਗਰਸ ਸੋਸ਼ਲ ਮੀਡੀਆ ਵਿੰਗ ਦਾ ਆਗੂ ਨਸ਼ੀਲੀਆਂ ਗੋਲੀਆਂ ਸਣੇ ਕਾਬੂ (ਵੀਡੀਓ)

07/17/2018 5:00:50 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਪੁਲਸ ਨੇ ਕਾਂਗਰਸ ਦੇ ਇਕ ਸਾਬਕਾ ਕੌਂਸਲਰ ਦੇ ਬੇਟੇ ਨੂੰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ। ਇੰਨਾ ਹੀ ਨਹੀਂ ਗ੍ਰਿਫਤਾਰ ਕੀਤਾ ਗਿਆ ਮਨੀਸ਼ ਉੱਪਲ ਅਜਨਾਲਾ 'ਚ ਕਾਂਗਰਸ ਦੇ ਸੋਸ਼ਲ ਮੀਡੀਆ ਵਿੰਗ ਦਾ ਸ਼ਹਿਰੀ ਆਗੂ ਦੱਸਿਆ ਜਾ ਰਿਹਾ ਹੈ, ਜੋ ਆਪਣੇ ਉੱਪਲ ਮੈਡੀਕਲ ਸਟੋਰ 'ਚ ਦਵਾਈਆਂ ਦੀ ਆੜ੍ਹ 'ਚ ਨਸ਼ੀਲੀਆਂ ਗੋਲੀਆਂ ਵੇਚਦਾ ਸੀ। ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਸ ਨੇ ਮਨਦੀਪ ਨਾਂ ਦੇ ਇਕ ਵਿਅਕਤੀ ਨੂੰ ਕੁਝ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਅਤੇ ਉਸਨੇ ਅੱਗੋਂ ਮਨੀਸ਼ ਉੱਪਲ ਦਾ ਨਾਂ ਲਿਆ। 
ਪੁਲਸ ਨੇ ਮੈਡੀਕਲ ਸਟੋਰ ਤੋਂ ਬਿਨਾਂ ਬਿੱਲ ਵਾਲੀਆਂ ਕੁਝ ਦਵਾਈਆਂ ਵੀ ਜ਼ਬਤ ਕੀਤੀਆਂ ਹਨ। ਉਧਰ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਮਨਦੀਪ ਕੁਮਾਰ ਅਤੇ ਮਨੀਸ਼ ਉੱਪਲ ਨੇ ਖੁਦ ਨੂੰ ਪਾਕਿ-ਸਾਫ ਦੱਸਦੇ ਹੋਏ ਇਕ-ਦੂਜੇ 'ਤੇ ਫਸਾਉਣ ਦੇ ਦੋਸ਼ ਲਗਾ ਰਹੇ ਹਨ।