ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਪੇਸ਼ ਕਰਦੈ ਪਿੰਡ ਕੋਕਰੀ ਵਹਿਣੀਵਾਲ

03/18/2018 8:48:52 AM

ਕੋਕਰੀ ਵਹਿਣੀਵਾਲ (ਮੋਗਾ) (ਪਵਨ ਗਰੋਵਰ, ਗੋਪੀ ਰਾਊਕੇ) - ਇਕ ਪਾਸੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹਰ ਪਿੰਡ 'ਚ ਇਕ ਗੁਰਦੁਆਰਾ ਸਾਹਿਬ ਹੋਣ ਦੀ ਮੁਹਿੰਮ ਚਲਾ ਕੇ ਸਬੰਧਿਤ ਪਿੰਡ ਦੀਆਂ ਪੰਚਾਇਤਾਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਹੋਇਆ ਹੈ, ਉਥੇ ਹੀ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਕੋਕਰੀ ਵਹਿਣੀਵਾਲ ਵਿਖੇ ਪਹਿਲਾਂ ਹੀ ਇਕ ਗੁਰਦੁਆਰਾ ਕੀਰਤਨਸਰ ਸਾਹਿਬ ਸੁਸ਼ੋਭਿਤ ਹੈ, ਇਥੇ ਹੀ ਬਸ ਨਹੀਂ ਪਿੰਡ 'ਚ ਇਕ ਹੀ ਸ਼ਮਸ਼ਾਨਘਾਟ ਅਤੇ ਇਕੋ-ਇਕ ਸਰਕਾਰੀ ਮਿਡਲ ਸਕੂਲ ਹੈ, ਜੋ ਪਿੰਡ ਦੀ ਭਾਈਚਾਰਕ ਸਾਂਝ 'ਚ ਵਾਧਾ ਕਰਦੇ ਹਨ।  2500 ਦੀ ਆਬਾਦੀ ਵਾਲੇ ਇਸ ਪਿੰਡ ਦੀ ਵੋਟ 1300 ਦੇ ਲਗਭਗ ਹੈ। ਭਾਵੇਂ ਚੋਣਾਂ ਦੌਰਾਨ ਤਾਂ ਪਿੰਡ ਵਾਸੀਆਂ 'ਚ ਮਾੜੀ-ਮੋਟੀ ਕਸ਼ਮਕਸ਼ ਚੱਲਦੀ ਰਹੀ ਹੋਵੇ ਪਰ ਧਾਰਮਕ ਤੇ ਸਮਾਜਕ ਮਾਮਲਿਆਂ 'ਤੇ ਪਿੰਡ ਵਾਸੀਆਂ ਦੀ ਏਕਤਾ ਹੋਰਨਾਂ ਪਿੰਡਾਂ ਲਈ ਮਿਸਾਲ ਪੇਸ਼ ਕਰ ਰਹੀ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਜਦ ਇਸ ਸਬੰਧੀ ਜ਼ਮੀਨੀ ਹਕੀਕਤ ਜਾਣਨ ਲਈ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਵਾਸੀ ਇਸ ਮਾਮਲੇ 'ਤੇ ਇਕਜੁੱਟ ਦਿਖਾਏ ਦਿੱਤੇ। ਪਿੰਡ ਵਾਸੀਆਂ ਦੇ ਇਹ ਤਰਕ ਸਨ ਕਿ ਜੇਕਰ ਹਰ ਪਿੰਡ 'ਚ ਇਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਵੇ ਤਾਂ ਸਮੁੱਚੇ ਪਿੰਡ 'ਚ ਧਾਰਮਕ ਸ਼ਰਧਾ ਇਕ ਅਸਥਾਨ ਪ੍ਰਤੀ ਹੋਰ ਵੀ ਵੱਧ ਜਾਵੇਗੀ।
ਹੋਰਨਾਂ ਪਿੰਡਾਂ ਲਈ ਮਿਸਾਲ ਪੇਸ਼ ਕਰ ਰਿਹੈ ਕੋਕਰੀ ਵਹਿਣੀਵਾਲ : ਸਰਪੰਚ ਹਰਭਜਨ ਸਿੰਘ
ਪਿੰਡ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਨੇ ਕਿਹਾ ਕਿ ਪਿੰਡ 'ਚ ਇਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਣ ਕਰ ਕੇ ਇਹ ਪਿੰਡ ਹੋਰਨਾਂ ਪਿੰਡਾਂ ਲਈ ਮਿਸਾਲ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚਕਰ ਪਿੰਡ ਤੋਂ ਸ਼ੁਰੂ ਹੋਈ ਇਸ ਮੁਹਿੰਮ ਨਾਲ ਪੰਜਾਬ ਦੇ ਕਈ ਪਿੰਡ ਜੁੜ ਰਹੇ ਹਨ। ਉਨ੍ਹਾਂ ਆਖਿਆ ਕਿ ਹੋਰਨਾਂ ਪਿੰਡਾਂ ਨੂੰ ਵੀ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਹਰ ਪਿੰਡ 'ਚ ਕਰਵਾਉਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਧਾਰਮਕ ਅਤੇ ਸਮਾਜਕ ਤੌਰ 'ਤੇ ਇਕਜੁੱਟ ਹੋਣ ਲੱਗਣਗੇ ਤਾਂ ਪਿੰਡਾਂ ਦੀ ਭਾਈਚਾਰਕ ਸਾਂਝ ਹੋਰ ਵੀ ਵੱਧ ਜਾਵੇਗੀ।
ਮਿਡਲ ਤੇ ਪ੍ਰਾਇਮਰੀ ਸਕੂਲਾਂ ਵਿਚਕਾਰ ਨਹੀਂ ਕੋਈ ਕੰਧ
ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਤੇ ਮਿਡਲ ਸਕੂਲਾਂ ਵਿਚਕਾਰ ਕੰਧਾਂ ਕੱਢ ਕੇ ਇਨ੍ਹਾਂ ਦੀਆਂ ਇਮਾਰਤਾਂ ਦੇ ਵੱਖਰੇ-ਵੱਖਰੇ ਭਾਗ ਬਣਾਏ ਗਏ ਹਨ ਪਰ ਪਿੰਡ ਕੋਕਰੀ ਵਹਿਣੀਵਾਲ ਦੇ ਦੋਵਾਂ ਸਕੂਲਾਂ ਵਿਚਕਾਰ ਕੋਈ ਕੰਧ ਨਹੀਂ ਹੈ ਤੇ ਪਹਿਲੀ ਤੋਂ 8ਵੀਂ ਜਮਾਤ ਤੱਕ ਅੱਖਰ ਗਿਆਨ ਹਾਸਲ ਕਰਨ ਵਾਲੇ ਵਾਲੇ ਵਿਦਿਆਰਥੀ ਅੱਧੀ ਛੁੱਟੀ ਵੇਲੇ ਵੀ ਇਕੱਠੇ ਹੀ ਗਰਾਊਂਡਾਂ ਵਿਚ ਖੇਡਦੇ ਹਨ।  ਅਧਿਆਪਕਾਂ ਦਾ ਕਹਿਣਾ ਹੈ ਕਿ ਦੋਵਾਂ ਸਕੂਲਾਂ ਦੇ ਇਕੱਲੇ ਵਿਦਿਆਰਥੀਆਂ ਦਾ ਹੀ ਨਹੀਂ ਸਗੋਂ ਆਧਿਆਪਕਾਂ ਦੀ ਵੀ ਪੂਰਾ ਆਪਸੀ ਪ੍ਰੇਮ ਹੈ। ਮਿਡਲ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਸਕੂਲ ਦੀਆਂ ਕੁੱਲ 6 ਪੋਸਟਾਂ 'ਚੋਂ ਸਿਰਫ ਇਕ ਹਿੰਦੀ ਅਧਿਆਪਕ ਦੀ ਪੋਸਟ ਹੀ ਖਾਲੀ ਹੈ, ਜਦਕਿ ਦੂਜੀਆਂ ਸਾਰੀਆਂ ਪੋਸਟਾਂ ਭਰੀਆਂ ਹੋਈਆਂ ਹਨ ਅਤੇ ਮਿਹਨਤੀ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਵਾਈ ਜਾ ਰਹੀ ਹੈ।