ਫੜੇ ਗਏ 11 ਜੁਆਰੀਆਂ ''ਚੋਂ ਇਕ ਕੋਰੋਨਾ ਪਾਜ਼ੇਟਿਵ, ਪੁਲਸ ਵਿਭਾਗ ''ਚ ਦਹਿਸ਼ਤ

06/08/2020 9:16:29 PM

ਜਲੰਧਰ,(ਵਰੁਣ)– ਨਿਊ ਗੁਰੂ ਅਮਰਦਾਸ ਕਾਲੋਨੀ ਵਿਚ ਐੱਨ.ਆਰ. ਆਈ.ਦੀ ਕੋਠੀ ਵਿਚ ਰੇਡ ਕਰ ਕੇ ਫੜੇ ਗਏ ਜੁਆਰੀਆ ਵਿਚੋਂ ਇਕ ਜੁਆਰੀ ਪ੍ਰਵੀਨ ਮਹਾਜਨ ਨਿਵਾਸੀ ਅੰਮ੍ਰਿਤਸਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੂਰੇ ਸੀ. ਆਈ. ਏ. ਸਟਾਫ ਅਤੇ ਪੁਲਸ ਵਿਭਾਗ ਵਿਚ ਦਹਿਸ਼ਤ ਦਾ ਮਾਹੌਲ ਹੈ ਜਦਕਿ ਬੇਲ ਲੈ ਕੇ ਜਾ ਚੁੱਕੇ ਜੁਆਰੀਏ ਨੂੰ ਵੀ ਸੈਲਫ ਆਈਸੋਲੇਟ ਹੋਣ ਲਈ ਕਿਹਾ ਜਾ ਚੁੱਕਾ ਹੈ। 4 ਜੂਨ ਦੀ ਰਾਤ ਨੂੰ ਸੀ. ਆਈ. ਏ. ਸਟਾਫ ਦੀ ਟੀਮ ਨੇ ਐਨ. ਆਈ. ਏ. ਦੀ ਕੋਠੀ ਵਿਚ ਰੇਡ ਕਰ ਕੇ 11 ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਸੀ। 5 ਜੂਨ ਨੂੰ ਉਨ੍ਹਾਂ ਦੇ ਹੋਰ 2 ਸਾਥੀਆਂ ਨੂੰ ਵੀ ਕਾਬੂ ਕਰ ਕੇ ਉਸੇ ਦਿਨ ਕੋਰਟ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਸੀ। 6 ਜੂਨ ਨੂੰ ਸਾਰਿਆਂ ਦਾ ਸਿਵਲ ਹਸਪਤਾਲ ਵਿਚ ਕੋਰੋਨਾ ਟੈਸਟ ਕਰਾਇਆ ਗਿਆ ਸੀ, ਜਿਸਦੀ ਰਿਪੋਰਟ ਸੋਮਵਾਰ ਨੂੰ ਆਈ ਸੀ। ਇਸ ਤੋਂ ਪਹਿਲਾਂ ਪ੍ਰਵੀਨ ਮਹਾਜਨ ਕੋਰਟ ਵਿਚ ਵੀ ਗਿਆ, ਜਦਕਿ ਸੀ. ਆਈ. ਏ. ਸਟਾਫ ਵਿਚ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ। ਹਵਾਲਾਤ ਵਿਚ ਵੀ ਉਹ ਆਪਣੇ ਬਾਕੀ ਸਾਥੀਆਂ ਨਾਲ ਹੀ ਬੰਦ ਸੀ। ਸੋਮਵਾਰ ਨੂੰ ਪ੍ਰਵੀਨ ਮਹਾਜਨ ਪੁੱਤਰ ਧਰਮਪਾਲ ਪੁੱਤਰ ਰਾਸ ਵਾਲੀ ਗਲੀ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤਾਂ ਸਿਵਲ ਹਸਪਤਾਲ ਤੋਂ ਸੀ. ਆਈ. ਏ. ਸਟਾਫ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਸੀ. ਆਈ. ਏ. ਸਟਾਫ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਸਾਰੇ ਮੁਲਜ਼ਮਾਂ ਨੂੰ ਬੁਲਾਇਆ ਗਿਆ ਜੋ ਪ੍ਰਵੀਨ ਦੇ ਸਿੱਧੇ ਸੰਪਰਕ ਵਿਚ ਸਨ। ਇਨ੍ਹਾਂ ਵਿਚ ਹਵਾਲਾਤ ਅੰਦਰ ਲਿਜਾਉਣ ਵਾਲੇ ਮੁਲਾਜ਼ਮ, ਹੱਥ ਫੜ ਕੇ ਕੋਰਟ ਵਿਚ ਪੇਸ਼ ਕਰਨ ਵਾਲੇ ਮੁਲਾਜ਼ਮ, ਪ੍ਰੈੱਸ ਕਾਨਫਰੰਸ ਦੌਰਾਨ ਹਵਾਲਾਤ ਤੋਂ ਹੱਥ ਫੜ ਕੇ ਲਿਆਉਣ ਵਾਲੇ ਮੁਲਾਜ਼ਮ ਅਤੇ ਪੁੱਛਗਿੱਛ ਕਰਨ ਵਾਲਾ ਸੀ. ਆਈ. ਏ. ਸਮੇਤ 4 ਮੁਲਾਜ਼ਮ ਹੋਰ ਸ਼ਾਮਲ ਸਨ। ਫਿਲਹਾਲ ਇਨ੍ਹਾਂ ਸਾਰਿਆਂ ਦੀ ਸਿਹਤ ਠੀਕ ਹੈ ਪਰ ਅੱਜ ਆਈਸੋਲੇਟ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਲੱਛਣ ਮਿਲਣ 'ਤੇ ਇਨ੍ਹਾਂ ਸਾਰਿਆਂ ਵੱਲੋਂ ਟੈਸਟ ਵੀ ਕਰਵਾਏ ਜਾ ਰਹੇ ਹਨ। ਓਧਰ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਦਾ ਕਹਿਣਾ ਹੈ ਕਿ ਸਾਰੇ ਮੁਲਾਜ਼ਮ ਸਿਹਤਮੰਦ ਹਨ ਪਰ ਇਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਤੋਂ ਇਲਾਵਾ ਹੋਰ ਕੋਈ ਵੀ ਮੁਲਾਜ਼ਮ ਪ੍ਰਵੀਨ ਦੇ ਸੰਪਰਕਵਿਚ ਨਹੀਂ ਆਇਆ ਅਤੇ ਉਹ ਖੁਦ ਵੀ ਉਸਨੂੰ ਨਹੀਂ ਮਿਲੇ। ਜੁਆਰੀਆਂ ਤੋਂ ਬਰਾਮਦ ਕੀਤੇ ਨੋਟ ਕਿਨ੍ਹਾਂ-ਕਿੰਨ੍ਹਾਂ ਮੁਲਾਜ਼ਮਾਂ ਨੇ ਗਿਣੇ ਅਜੇ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਨੋਟਾ ਨੂੰ ਹੋਰ ਕਿਨ੍ਹਾਂ-ਕਿਨ੍ਹਾਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਹੱਥ ਲਾਏ।

Bharat Thapa

This news is Content Editor Bharat Thapa