ਚੋਰੀ ਦੇ ਦੋਸ਼ ''ਚ ਇਕ ਕਾਬੂ, 2 ਫਰਾਰ

02/16/2018 6:10:50 PM

ਹਰਿਆਣਾ (ਰਾਜਪੂਤ)— ਥਾਣਾ ਹਰਿਆਣਾ ਦੀ ਪੁਲਸ ਵੱਲੋਂ ਪਸ਼ੂ ਚੋਰੀ ਕਰਨ ਦੇ ਸਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਚੈਂਚਲ ਮਸੀਹ ਪੁੱਤਰ ਸਰਦਾਰ ਮਸੀਹ ਵਾਸੀ ਪਿੰਡ ਬਸੀ ਕਾਸੋਂ ਨੇ ਦੱਸਿਆ ਕਿ ਉਹ ਆਪਣੇ ਪਰਿਵਰ ਸਮੇਤ ਘਰ 'ਚ ਸੁੱਤੇ ਹੋਏ ਸਨ ਅਤੇ ਨਾਲ ਹੀ ਲੱਗਦੀ ਪਸ਼ੂਆਂ ਦੀ ਹਵੇਲੀ 'ਚੋਂ ਰਾਤ ਕਰੀਬ 2 ਵਜੇ ਪਸ਼ੂਆਂ ਦੇ ਬੋਲਣ ਦੀ ਆਵਾਜ਼ ਆਈ ਤਾਂ ਮੈਂ ਉੱਠ ਕੇ ਦੇਖਿਆ ਕਿ ਇਕ ਟੈਂਪੂ (ਛੋਟਾ ਹਾਥੀ) ਨੰ. ਪੀ. ਬੀ. 07-ਏ. ਐੱਲ-1768 'ਤੇ 3 ਵਿਅਕਤੀ ਇਕ ਮੱਝ ਅਤੇ ਕੱਟੇ ਨੂੰ ਲੱਦ ਕੇ ਡਾਲਾ ਬੰਦ ਕਰ ਰਹੇ ਸਨ। ਮੇਰੇ ਰੌਲਾ ਪਾਉਣ 'ਤੇ ਗੁਆਂਢੀ ਜਰਨੈਲ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਹੋਰ ਲੋਕ ਇੱਕਤਰ ਹੋ ਗਏ। ਜਦੋਂ ਉਨ੍ਹਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਨ੍ਹਾਂ ਟੈਂਪੂ ਭਜਾ ਲਿਆ। 
ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਪਿੰਡ ਦੇ ਬਾਹਰ ਗੁੱਝੇ ਪੀਰ ਦੇ ਦਰਬਾਰ ਕੋਲ ਟੈਂਪੂ ਨੂੰ ਘੇਰ ਲਿਆ। ਟੈਂਪੂ ਵਿਚ ਸਵਾਰ ਤਿੰਨ ਵਿਅਕਤੀਆਂ 'ਚੋਂ 2 ਹਨੇਰੇ ਦਾ ਫਾਇਦਾ ਲੈ ਕੇ ਦੌੜ ਵਿਚ ਕਾਮਯਾਬ ਹੋ ਗਏ, ਜਦਕਿ ਟੈਂਪੂ ਚਾਲਕ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਟੈਂਪੂ ਚਾਲਕ ਹਰਪ੍ਰੀਤ ਸਿੰਘ ਉਰਫ ਹਨੀ ਪੁੱਤਰ ਅਮਰੀਕ ਸਿੰਘ ਵਾਸੀ ਨਵੀਂ ਬਸੀ ਨੂੰ ਗ੍ਰਿਫਤਾਰ ਕਰਕੇ ਫਰਾਰ ਹੋਏ ਵਿਅਕਤੀਆਂ ਰਜਿੰਦਰ ਸਿੰਘ ਉਰਫ ਰਾਜੂ ਪੁੱਤਰ ਦਰਬਾਰਾ ਰਾਮ ਵਾਸੀ ਕਰਨਾਣਾ ਥਾਣਾ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਹਾਲ ਵਾਸੀ ਪੱਟੀ ਥਾਣਾ ਚੱਬੇਵਾਲ ਅਤੇ ਕਰਨੈਲ ਸਿੰਘ ਉਰਫ ਮਨੀ ਪੁੱਤਰ ਗਿਆਨ ਸਿੰਘ ਵਾਸੀ ਪੱਟੀ ਥਾਣਾ ਚੱਬੇਵਾਲ ਖਿਲਾਫ ਧਾਰਾ 379, 380 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।