ਖਤਰਨਾਕ ਰਿੰਦਾ ਗੈਂਗ ਦਾ ਸ਼ਾਰਪ ਸ਼ੂਟਰ ਹਥਿਆਰਾਂ ਸਮੇਤ ਕਾਬੂ (ਵੀਡੀਓ)

07/02/2019 6:10:02 PM

ਰੂਪਨਗਰ (ਸੱਜਣ ਸੈਣੀ)— ਪੰਜਾਬ 'ਚ ਸੰਗਠਿਤ ਗੈਂਗ 'ਤੇ ਤਿੱਖੀ ਕਾਰਵਾਈ ਕਰਦੇ ਹੋਏ ਰੋਪੜ ਪੁਲਸ ਨੇ ਮਹਾਰਾਸ਼ਟਰ ਦੇ ਖਤਰਨਾਕ ਗੈਂਗ 'ਰਿੰਦਾ' ਨਾਲ ਸਬੰਧਤ ਇਕ 22 ਸਾਲਾ ਸ਼ਾਰਪ-ਸ਼ੂਟਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਇਸ ਸ਼ਾਰਪ-ਸ਼ੂਟਰ ਦੀ ਪਛਾਣ ਯਾਦਵਿੰਦਰ ਸਿੰਘ ਉਰਫ ਯਾਦੀ ਦੇ ਰੂਪ 'ਚ ਹੋਈ ਹੈ। ਯਾਦਵਿੰਦਰ 'ਤੇ ਕਤਲ, ਫਿਰੌਤੀ ਅਤੇ ਇਰਾਦਾ ਕਤਲ ਦੇ ਕਈ ਮਾਮਲੇ ਦਰਜ ਹਨ। ਰੂਪਨਗਰ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸ਼ਾਰਟ-ਸ਼ੂਟਰ ਦੇ ਕੋਲੋਂ 315 ਬੋਰ, 12 ਅਤੇ 32 ਬੋਰ ਦੀਆਂ ਤਿੰਨ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। 


ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੱਕੀ ਅਤੇ ਮੋਗਾ ਦੇ ਸੁਖਪ੍ਰੀਤ ਬੁੱਢਾ ਨੇ ਉੱਤਰ ਪ੍ਰਦੇਸ਼ ਤੋਂ ਹਥਿਆਰ ਮੁਹੱਈਆ ਕਰਵਾਉਣ 'ਚ ਯਾਦਵਿੰਦਰ ਦੀ ਮਦਦ ਕੀਤੀ ਸੀ। ਪੁਲਸ ਹਥਿਆਰਾਂ ਦੇ ਉਸ ਸਰੋਤ ਨੂੰ ਕਾਬੂ ਕਰਨ ਲਈ ਮੇਰਠ (ਯੂ. ਪੀ) ਪੁਲਸ ਦੇ ਸੰਪਰਕ 'ਚ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਯਾਦਵਿੰਦਰ ਆਪਣੇ ਸਾਥੀਆਂ ਨਾਲ ਬੱਦੀ ਅਤੇ ਨਾਲਾਗੜ ਦੇ ਸਨਅੱਤੀ ਖੇਤਰ 'ਚ ਫਿਰੌਤੀ ਦੇ ਮਾਮਲਿਆਂ 'ਚ ਸਰਗਰਮ ਸੀ। ਸ਼ਰਾਬ ਦੇ ਵੱਡੇ ਠੇਕੇਦਾਰ, ਟੋਲ ਪਲਾਜ਼ਾ ਅਤੇ ਧਾਤਾਂ ਦੇ ਕਬਾੜੀ ਇਸ ਗਿਰੋਹ ਦੇ ਮੁੱਖ ਸ਼ਿਕਾਰ ਹੁੰਦੇ ਸਨ। ਕਈ ਵਾਰ ਯਾਦਵਿੰਦਰ ਨੇ ਰਿੰਦਾ ਦੇ ਇਸ਼ਾਰੇ 'ਤੇ ਅੰਮ੍ਰਿਤਸਰ ਤੋਂ ਅੰਬਾਲਾ ਨਸ਼ੀਲੇ ਪਦਾਰਥਾਂ ਦਾ ਕੋਰੀਅਰ ਲਿਜਾਣ ਦਾ ਕੰਮ ਵੀ ਕੀਤਾ।

ਉਹ ਪੰਜਾਬ 'ਚ ਬਾਕੀ ਬੱਚਦੇ ਗਿਰੋਹਾਂ 'ਚੋਂ ਇੱਕ ਵੱਡਾ ਗਿਰੋਹ ਹੈ, ਜਿਸ ਦੇ ਪਿੰਜੌਰ, ਮੋਹਾਲੀ ਅਤੇ ਅੰਬਾਲਾ 'ਚ ਗੁਪਤ ਟਿਕਾਣੇ ਹਨ। ਪੁਲਸ ਵੱਲੋਂ ਸ਼ਾਰਪ ਸ਼ੂਟਰ ਯਾਦਵਿੰਦਰ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਨੂੰ ਉਸ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

shivani attri

This news is Content Editor shivani attri