ਜਲੰਧਰ ਪੁਲਸ ਨੂੰ ਮਿਲੀ ਸਫਲਤਾ, 5 ਕਿਲੋ ਅਫੀਮ ਸਮੇਤ ਤਸਕਰ ਗ੍ਰਿਫਤਾਰ

07/01/2019 6:43:19 PM

ਜਲੰਧਰ (ਵਿਕਰਮ) — ਜਲੰਧਰ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਕ ਨਸ਼ਾ ਤਸਕਰ ਨੂੰ ਕੰਟੇਨਰ ਨਾਲ 5 ਕਿਲੋ ਅਫੀਮ ਸਮੇਤ ਕਾਬੂ ਕੀਤਾ। ਪੀ. ਪੀ. ਐੱਸ. ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਦੀ ਟੀਮ ਨਾਕੇ ਦੌਰਾਨ ਮੈਕਡਾਨਲਡ ਟੀ-ਪੁਆਇੰਟ 'ਤੇ ਮੌਜੂਦ ਸੀ। ਇਕ ਮੁਖਬਰ ਵੱਲੋਂ ਇਤਲਾਹ ਮਿਲਣ 'ਤੇ ਇਸ ਤਸਕਰ ਨੂੰ ਮੈਕਡਾਲਡ ਟੀ- ਪੁਆਇੰਟ 'ਤੇ ਕਾਬੂ ਕੀਤਾ ਗਿਆ। ਜਦੋਂ ਪੁਲਸ ਨੇ ਰੋਕ ਕੇ ਕੰਟੇਨਰ ਦੀ ਤਲਾਸ਼ੀ ਲਈ ਤਾਂ ਉਸ ਦੇ ਕੈਬਿਨ 'ਚੋਂ 5 ਕਿਲੋ ਅਫੀਮ ਬਰਾਮਦ ਕੀਤੀ ਗਈ। ਕਾਬੂ ਕੀਤੇ ਗਏ ਤਸਕਰ ਦੀ ਪਛਾਣ ਅਵਨੀਤ ਗਿਰੀ ਉਰਫ ਧਨੀਆ ਪੁੱਤਰ ਦੇਵ ਗਿਰੀ ਵਾਸੀ ਨਿਊ ਕੰਪਨੀ ਬਾਗ ਟਿੱਬਾ ਰੋਡ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। 

ਰਾਜਸਥਾਨ ਤੋਂ ਲਿਆਉਂਦਾ ਸੀ ਅਫੀਮ 
ਪੁਲਸ ਦੀ ਪੁੱਛਗਿੱਛ 'ਚ ਖੁਲਾਸਾ ਕਰਦੇ ਹੋਏ ਉਸ ਨੇ ਦੱਸਿਆ ਕਿ ਉਹ ਟਰੱਕ ਜ਼ਰੀਏ ਲੁਧਿਆਣਾ ਤੋਂ ਇੰਦੌਰ ਗਿਆ ਸੀ ਅਤੇ ਇੰਦੌਰ ਤੋਂ ਪੂਨਾ ਗਿਆ ਸੀ। ਪੂਨਾ ਤੋਂ ਲੁਧਿਆਣਾ ਦਾ ਮਾਲ ਹਾਇਰ ਕੰਪਨੀ ਦੇ ਫਰਿੱਜ ਲੋਡ ਕੀਤੇ ਸਨ। ਵਾਪਸੀ 'ਤੇ ਉਸ ਨੇ ਰਸਤੇ 'ਚ ਚਿਤੌੜਗੜ੍ਹ ਰਾਜਸਥਾਨ ਤੋਂ ਆਪਣੇ ਸਾਥੀ ਸਮੱਗਲਰ ਤੋਂ ਅਫੀਮ ਲਈ ਸੀ। ਇਹ ਅਫੀਮ ਮੋਗਾ 'ਚ ਸਮੱਗਲਰਾਂ ਨੂੰ ਸਪਲਾਈ ਕਰਨੀ ਸੀ। ਇਸੇ ਕਰਕੇ ਤਸਕਰ ਨੇ ਕੰਟੇਨਰ ਦਾ ਰੂਟ ਰਾਜਸਥਾਨ ਤੋਂ ਵਾਇਆ ਡੱਬਵਾਲੀ ਬਠਿੰਡਾ, ਮੋਗਾ, ਨਕੋਦਰ, ਜਲੰਧਰ, ਲੁਧਿਆਣਾ ਬਣਾਇਆ ਹੋਇਆ ਸੀ। ਉਸ ਨੇ ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਜਲੰਧਰ, ਲਧਿਆਣਾ ਅਤੇ ਮੋਗਾ 'ਚ ਸਪਲਾਈ ਕਰ ਚੁੱਕਾ ਹੈ। 

ਉਸ ਨੇ ਦੱਸਿਆ ਕਿ ਸਾਲ 2003 'ਚ ਉਸ ਦੇ ਖਿਲਾਫ ਐੱਨ. ਆਰ. ਸੀ. ਟਰਾਂਸਪੋਰਟ ਕੰਪਨੀ ਵਿਖੇ ਲੜਾਈ ਝਗੜਾ ਹੋਣ 'ਤੇ ਥਾਣਾ ਡਿਵੀਜ਼ਨ ਨੰਬਰ-6 ਲੁਧਿਆਣਾ ਵਿਖੇ ਮੁਕੱਦਮਾ ਦਰਜ ਹੋਇਆ ਸੀ। ਜਿਸ ਸਬੰਧੀ ਅਵਨੀਤ ਗਿਰੀ ਉਰਫ ਧਨੀਆ ਲੁਧਿਆਣਾ ਜੇਲ 'ਚ ਬੰਦ ਰਿਹਾ ਸੀ। ਪੁਲਸ ਨੇ ਤਸਕਰ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਉਸ ਦਾ ਰਿਮਾਂਡ ਹਾਸਲ ਕਰਕੇ ਉਸ ਦੇ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

shivani attri

This news is Content Editor shivani attri