ਬੱਸ ਤੇ ਟਰੱਕ 'ਚ ਭਿਆਨਕ ਟੱਕਰ, ਇਕ ਦੀ ਮੌਤ (ਵੀਡੀਓ)

11/30/2021 9:45:41 PM

ਜਲੰਧਰ- (ਸਾਹਨੀ)- ਕਰਤਾਰਪੁਰ ਦੇ ਜੰਗ-ਏ-ਆਜ਼ਾਦੀ ਨੇੜੇ ਗ਼ਲਤ ਪਾਸਿਓਂ ਆ ਰਹੇ ਇਕ ਟਰੱਕ ਨੇ ਜਲੰਧਰ ਸਾਈਡ ਤੋਂ ਅੰਮ੍ਰਿਤਸਰ ਵਲ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬੱਸ ਦੇ ਪਰਖੱਚੇ ਉੱਡ ਗਏ ਅਤੇ ਬੱਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ 15 ਤੋਂ ਵੱਧ ਸਵਾਰੀਆਂ ਅਤੇ ਟਰੱਕ ਡਰਾਈਵਰ ਜ਼ਖ਼ਮੀ ਹੋ ਗਏ। ਟਰੱਕ ਵਿਚ ਫਸੇ ਡਰਾਈਵਰ ਨੂੰ ਕੱਢਣ ਵਿਚ ਲਗਭਗ ਇਕ ਘੰਟਾ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨਸ਼ੇ ਦੀ ਹਾਲਤ ’ਚ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਸਰਕਾਰ ਬਣਨ ’ਤੇ NHM ਦੇ ਕਰਮਚਾਰੀਆਂ ਨੂੰ ਕੀਤਾ ਜਾਵੇਗਾ ਪੱਕਾ : ਹਰਪਾਲ ਚੀਮਾ

ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 8 ਵਜੇ ਪੀ. ਆਰ. ਟੀ. ਸੀ. ਦੀ ਬੱਸ ਜਲੰਧਰ ਸਾਈਡ ਤੋਂ ਆ ਰਹੀ ਸੀ। ਜਿਉਂ ਹੀ ਇਹ ਬੱਸ ਜੰਗ-ਏ-ਆਜ਼ਾਦੀ ਨੇੜੇ ਪੁੱਜੀ ਤਾਂ ਸਾਹਮਣਿਓਂ ਗ਼ਲਤ ਸਾਈਡ ਤੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟਰੱਕ ਕਾਰਨ ਬੱਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 15 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਹਰਪਾਲ ਸਿੰਘ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਸੀ, ਜੋ ਕਿ ਕੱਟ ਨਾ ਹੋਣ ਕਾਰਨ ਟਰੱਕ ਨੂੰ ਉਲਟੀ ਦਿਸ਼ਾ ਵਿਚ ਚਲਾ ਰਿਹਾ ਸੀ।

ਇਹ ਵੀ ਪੜ੍ਹੋ- ਬੇਅਦਬੀ ਮਾਮਲੇ 'ਚ ਚੰਨੀ ਦਾ ਬਿਆਨ ਇਕ ਹਤਾਸ਼ ਹੋਏ ਵਿਅਕਤੀ ਦੀ ਬੱਕੜਵਾਹ : ਅਕਾਲੀ ਦਲ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਰਤਾਰਪੁਰ ਦੇ ਇੰਚਾਰਜ ਰਾਜੀਵ ਕੁਮਾਰ ਸਮੇਤ ਡੀ. ਐੱਸ. ਪੀ. ਸੁਖਪਾਲ ਸਿੰਘ ਮੌਕੇ ’ਤੇ ਪੁੱਜੇ। ਡੀ. ਐੱਸ. ਪੀ. ਤੇ ਪੁਲਸ ਟੀਮ ਨੇ ਲੋਕਾਂ ਦੀ ਮਦਦ ਨਾਲ ਕਰੀਬ 1 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਟਰੱਕ ਡਰਾਈਵਰ ਹਰਪਾਲ ਸਿੰਘ ਨੂੰ ਬਾਹਰ ਕੱਢਿਆ। ਹਰਪਾਲ ਸਿੰਘ ਸਮੇਤ ਹਾਦਸੇ ’ਚ ਜ਼ਖਮੀ ਹੋਏ ਯਾਤਰੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ’ਚੋਂ ਕਈ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿਚ ਕਿੰਨੀਆਂ ਸਵਾਰੀਆਂ ਸਨ, ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਸਮੇਤ 2 ਹੋਰ ਦੀ ਹਾਲਤ ਕਾਫੀ ਗੰਭੀਰ ਹੈ ਅਤੇ 15 ਦੇ ਲਗਭਗ ਲੋਕਾਂ ਦੇ ਵੀ ਗੰਭੀਰ ਸੱਟਾਂ ਲਗੀਆਂ ਹਨ, ਬਾਕੀਆਂ ਹਾਲਤ ਜਾਣਕਾਰੀ ਮਿਲਣ ਤੋਂ ਬਾਅਦ ਹੀ ਸਪਸ਼ਟ ਹੋਵੇਗੀ। ਪੁਲਸ ਦਾ ਕਹਿਣਾ ਹੈ ਕਿ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਪੁਲਸ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

 

Bharat Thapa

This news is Content Editor Bharat Thapa