ਹਾਦਸੇ ''ਚ ਇਕ ਦੀ ਮੌਤ, 2 ਜ਼ਖਮੀ

01/29/2018 1:29:51 AM

ਹਰਿਆਣਾ, (ਰੱਤੀ, ਆਨੰਦ, ਰਾਜਪੂਤ)- ਬੀਤੀ ਰਾਤ ਮੇਨ ਰੋਡ ਹੁਸ਼ਿਆਰਪੁਰ-ਦਸੂਹਾ ਨਜ਼ਦੀਕ ਪਿੰਡ ਡੱਲੇਵਾਲ ਵਿਖੇ ਇਕ ਕਾਰ ਸੜਕ ਹਾਦਸੇ 'ਚ ਇਕ ਦੀ ਮੌਤ ਤੇ 2 ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਧੰਨੋਵਾਲ ਆਪਣੇ 2 ਸਾਥੀਆਂ ਹਰਮਨਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਤੇ ਸਤਨਾਮ ਸਿੰਘ ਪੁੱਤਰ ਆਤਮਾ ਸਿੰਘ ਵਾਸੀਆਨ ਧੰਨੋਵਾਲ ਨਾਲ ਇੰਡੀਕੋ ਕਾਰ ਨੰ ਪੀ.ਬੀ. 35 ਐੱਨ 7575 'ਤੇ ਗੜ੍ਹਦੀਵਾਲਾ ਸਾਈਡ ਆਪਣੇ ਰਿਸ਼ਤੇਦਾਰੀ ਤੋਂ ਵਿਆਹ ਦੇ ਸਮਾਗਮ 'ਚ ਸ਼ਾਮਲ ਹੋ ਕੇ ਵਾਪਸ ਪਿੰਡ ਧੰਨੌਵਾਲ ਆ ਰਹੇ ਸਨ। ਜਦੋਂ ਇਹ ਪਿੰਡ ਡੱਲੇਵਾਲ ਨਜ਼ਦੀਕ ਆਏ ਤਾਂ ਕਾਰ ਨੂੰ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਕਾਰ ਦੂਰ ਖੇਤਾਂ 'ਚ ਪਲਟੀਆਂ ਖਾਂਦੀ ਜਾ ਡਿੱਗੀ। ਜਿਸ ਕਾਰਨ ਮੇਜਰ ਸਿੰਘ, ਹਰਮਨਪ੍ਰੀਤ ਸਿੰਘ ਤੇ ਸਤਨਾਮ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਤੇ ਹਰਿਆਣਾ ਪੁਲਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਭਰਤੀ ਕਰਵਾਇਆ।
ਜਿੱਥੇ ਡਾਕਟਰਾਂ ਨੇ ਮੇਜਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਹਰਮਨਪ੍ਰੀਤ ਸਿੰਘ ਤੇ ਸਤਨਾਮ ਸਿੰਘ ਹੁਸ਼ਿਆਰਪੁਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਹਰਿਆਣਾ ਪੁਲਸ ਵੱਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਅਣਪਛਾਤੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।