ਗੈਸੀ ਗੁਬਾਰੇ ਵਾਲਾ ਸਿਲੰਡਰ ਫਟਣ ਨਾਲ ਇਕ ਜ਼ਖਮੀ

11/20/2017 7:30:01 AM

ਮਜੀਠਾ, (ਸਰਬਜੀਤ)- ਕਸਬਾ ਮਜੀਠਾ ਵਿਖੇ ਗੈਸ ਨਾਲ ਭਰਿਆ ਸਿਲੰਡਰ ਫਟਣ ਨਾਲ ਗੁਬਾਰੇ ਵੇਚਣ ਵਾਲੇ ਦੇ ਗੰਭੀਰ ਜ਼ਖਮੀ ਤੇ ਬਾਜ਼ਾਰ ਵਿਚ ਹੋਰ ਵੀ ਨੁਕਸਾਨ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਵਾਰਡ-2 ਰੋੜੀ ਦਾ ਵਸਨੀਕ ਜੋ ਰੋਜ਼ ਵਾਂਗ ਗੁਬਾਰਿਆਂ ਵਿਚ ਗੈਸ ਭਰ ਕੇ ਮਜੀਠਾ ਵਿਖੇ ਵੇਚ ਰਿਹਾ ਸੀ, ਦਾ ਅਚਾਨਕ ਦਾ ਗੈਸ ਨਾਲ ਭਰਿਆ ਸਿਲੰਡਰ ਫਟ ਗਿਆ, ਜਿਸ ਨਾਲ ਵਿਕਰੇਤਾ ਗੋਪਾਲ ਸਿੰਘ (60) ਸਾਲ ਪੁੱਤਰ ਬੂਟਾ ਸਿੰਘ ਵਾਸੀ ਰੋੜੀ ਮਜੀਠਾ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਥਾਣਾ ਮਜੀਠਾ ਦੇ ਥਾਣਾ ਮੁਖੀ ਰਮੇਸ਼ ਕੁਮਾਰ ਤੇ ਬਾਜ਼ਾਰ ਵਿਚਲੇ ਦੁਕਾਨਦਾਰ ਵੱਲੋਂ 108 ਐਂਬੂਲੈਂਸ ਰਾਹੀਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਭੇਜ ਦਿੱਤਾ ਗਿਆ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਬਾਜ਼ਾਰ ਵਿਚ ਘਟਨਾ ਵਾਲੀ ਥਾਂ 'ਤੇ ਪੈਂਦੀਆਂ ਦੁਕਾਨਾਂ ਦੇ ਵੀ ਜਾਨੀ ਨੁਕਸਾਨ ਤੋਂ ਇਲਾਵਾ ਸਾਮਾਨ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਪੀੜਤ ਦਾ ਨੌਜਵਾਨ ਪੁੱਤਰ ਜੋ ਗੋਪਾਲ ਸਿੰਘ ਵਾਂਗ ਗੈਸੀ ਗੁਬਾਰੇ ਵੇਚਦਾ ਸੀ, ਦੀ ਮੌਤ ਵੀ ਗੈਸ ਸਿਲੰਡਰ ਫਟਣ ਨਾਲ ਹੋਈ ਸੀ।