ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਇਕ ਦਿਨਾ ਭੁੱਖ ਹੜਤਾਲ

11/21/2017 12:23:19 AM

ਹੁਸ਼ਿਆਰਪੁਰ, (ਘੁੰਮਣ)- ਸੜਕ ਸੁਰੱਖਿਆ ਅਤੇ ਸੜਕਾਂ 'ਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ 'ਚ ਅਸਫ਼ਲ ਰਹਿਣ ਵਿਰੁੱਧ ਰੋਸ ਪ੍ਰਗਟ ਕਰਨ ਲਈ 'ਰੋਡ ਐਂਡ ਟ੍ਰੈਫਿਕ ਸੇਫਟੀ ਮੂਵਮੈਂਟ ਪੰਜਾਬ' ਅਤੇ 'ਲੇਬਰ ਪਾਰਟੀ ਭਾਰਤ' ਦੇ ਮੈਂਬਰਾਂ ਨੇ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜੈ ਗੋਪਾਲ ਧੀਮਾਨ ਤੇ ਮੁਕੇਸ਼ ਸੰਧੂ ਦੀ ਅਗਵਾਈ  'ਚ ਇਕ ਦਿਨਾ ਭੁੱਖ ਹੜਤਾਲ ਕੀਤੀ। ਧੀਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ ਕਾਗਜ਼ਾਂ ਤਕ ਹੀ ਸੀਮਿਤ ਹੈ। ਕੇਂਦਰ ਸਰਕਾਰ ਦਾ ਟਰਾਂਸਪੋਰਟ ਅਤੇ ਨੈਸ਼ਨਲ ਹਾਈਵੇਜ਼ ਮੰਤਰਾਲੇ ਆਪਣੀ ਵੈੱਬਸਾਈਟ 'ਤੇ ਸੜਕ ਸੁਰੱਖਿਆ ਵਿਵਸਥਾ ਦੀਆਂ ਡੀਂਗਾਂ ਮਾਰ ਰਹੇ ਹਨ। ਵੈੱਬਸਾਈਟ 'ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਟੋਲ ਰੋਡ, ਪੇਂਡੂ ਸੰਪਰਕ ਸੜਕਾਂ ਅਤੇ ਰਾਸ਼ਟਰੀ ਰਾਜ ਮਾਰਗ ਫੰਡਾਂ ਦੀ ਘਾਟ ਕਾਰਨ ਮੁਰੰਮਤ ਨਾ ਹੋਣ 'ਤੇ ਆਏ ਦਿਨ ਦੁਰਘਟਨਾਵਾਂ ਨੂੰ ਸੱਦਾ ਦਿੰਦੇ ਹਨ।
ਸੜਕ ਸੁਰੱਖਿਆ ਹਫਤਾ ਮਨਾ ਕੇ ਹੀ ਰਸਮ ਪੂਰੀ ਕਰਦੀ ਐ ਸਰਕਾਰ : ਉਨ੍ਹਾਂ ਕਿਹਾ ਕਿ ਪੰਜਾਬ ਦਾ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀ ਸੜਕ ਸੁਰੱਖਿਆ ਹਫਤੇ ਦੌਰਾਨ ਛੋਟੇ-ਮੋਟੇ ਸਮਾਗਮ ਕਰਵਾ ਕੇ ਸਿਰਫ ਰਸਮ ਹੀ ਪੂਰੀ ਕਰਦੇ ਹਨ। 
ਇਸ ਮੌਕੇ ਹਰਜੀਤ ਸਿੰਘ, ਚਰਨਜੀਤ ਕੌਰ, ਸ਼ੀਤਲ ਸਿੰਘ, ਨਛੱਤਰ ਸਿੰਘ, ਦਲਬੀਰ ਸਿੰਘ, ਗੁਰਦੀਪ ਸਿੰਘ, ਰਤਨ ਲਾਲ, ਬਲਜੋਤ ਸਿੰਘ, ਸੰਨੀ ਘਾਸੀਪੁਰ, ਮਨਦੀਪ ਕੌਰ, ਜਸਵੰਤ ਕੌਰ, ਪ੍ਰੀਤੀ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।