ਤੀਜੇ ਦਿਨ 64 ਕਿਸਾਨ ਆਗੂਆਂ ਨੇ ਦਿੱਤੀਆਂ ਗ੍ਰਿਫਤਾਰੀਆਂ

08/12/2017 3:48:56 AM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ)- ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਦਿੱਤੀਆ ਜਾ ਰਹੀਆਂ ਲੜੀਵਾਰ ਗ੍ਰਿਫਤਾਰੀਆਂ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਅੱਜ ਤੀਜੇ ਦਿਨ ਵੱਖ-ਵੱਖ ਪਿੰਡਾਂ ਤੋਂ ਆਏ 14 ਕਿਸਾਨਾਂ ਨੇ ਪੁਲਸ ਕੋਲ ਗ੍ਰਿਫ਼ਤਾਰੀਆਂ ਦਿੱਤੀਆਂ। 
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਗ੍ਰਿਫ਼ਤਾਰ ਹੋਣ ਵਾਲੇ ਆਗੂਆਂ ਵਿਚ ਗੁਰਚਰਨ ਸਿੰਘ ਬਾਮ, ਗੁਰਦੇਵ ਸਿੰਘ ਭੰਗਚੜ੍ਹੀ, ਸਰਬਜੀਤ ਸਿੰਘ ਅਕਾਲਗੜ੍ਹ, ਕੁਲਵਿੰਦਰ ਸਿੰਘ ਭੰਗਚੜ੍ਹੀ, ਦਿਲਜੀਤ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ, ਮੰਗਲ ਸਿੰਘ, ਸੁਖਪਾਲ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ, ਸ਼ਿਵਰਾਜ ਸਿੰਘ ਅਤੇ ਦਿਲਬਾਗ ਸਿੰਘ ਰੁਪਾਣਾ ਸ਼ਾਮਿਲ ਹਨ। ਗ੍ਰਿਫਤਾਰ ਹੋਏ ਇਨ੍ਹਾਂ ਆਗੂਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। 
ਇਸ ਮੌਕੇ ਜ਼ਿਲਾ ਪ੍ਰਧਾਨ ਕਾਦੀਆਂ ਗਰੁੱਪ ਜਗਦੇਵ ਸਿੰਘ ਕਾਨਿਆਂਵਾਲੀ, ਬੇਅੰਤ ਸਿੰਘ ਬੱਲਮਗੜ੍ਹ, ਗੁਰਦਰਸ਼ਨ ਸਿੰਘ ਰੁਪਾਣਾ, ਅਵਤਾਰ ਸਿੰਘ, ਦਵਿੰਦਰ ਸਿੰਘ ਭੰਗੇਵਾਲਾ, ਬਲਦੇਵ ਸਿੰਘ ਅਕਾਲਗੜ੍ਹ, ਬਚਿੰਤ ਸਿੰਘ ਅਕਾਲਗੜ੍ਹ, ਨਿਰਮਲ ਸਿੰਘ ਸੰਗੂਧੌਣ, ਹਰਜੀਤ ਸਿੰਘ ਭੁੱਟੀਵਾਲਾ, ਜਸਵੰਤ ਸਿੰਘ ਕੋਟਲੀ ਸੰਘਰ ਤੇ ਗੁਰਬਖਸ਼ ਸਿੰਘ  ਆਦਿ ਮੌਜੂਦ ਸਨ। 
ਫ਼ਰੀਦਕੋਟ, (ਹਾਲੀ)-ਤਿੰਨ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਫ਼ਿਰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਇਲਾਕਾ ਮੈਜਿਸਟ੍ਰੇਟ ਕੋਲ ਪੇਸ਼ ਕੀਤਾ। ਮੈਜਿਸਟ੍ਰੇਟ ਨੇ ਇਨ੍ਹਾਂ ਨੂੰ ਜੇਲ ਭੇਜਣ ਤੋਂ ਇਨਕਾਰ ਕਰਦਿਆਂ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਰਿਹਾਅ ਹੁੰਦਿਆਂ ਹੀ ਕਿਸਾਨ ਫ਼ਿਰ ਮਿੰਨੀ ਸਕੱਤਰੇਤ ਵਿਖੇ ਧਰਨੇ 'ਤੇ ਬੈਠ ਗਏ। ਇਸ ਸਮੇਂ ਉਨ੍ਹਾਂ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। 
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੰਜਾਬ ਕਿਸਾਨ ਸੰਗਠਨ ਦੇ ਨਾਂ 'ਤੇ ਪਿਛਲੇ ਤਿੰਨ ਦਿਨਾਂ ਤੋਂ ਜੇਲ ਭਰੋ ਅੰਦੋਲਨ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਜ਼ਿਲਾ ਪ੍ਰਧਾਨ ਬੋਹੜ ਸਿੰਘ ਰੁਪਈਆਂਵਾਲਾ ਅਤੇ ਜਸਵਿੰਦਰ ਸਿੰਘ ਰੁਪਈਆਂਵਾਲਾ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਦੇ ਸਾਹਮਣੇ ਗ੍ਰਿਫਤਾਰੀਆਂ ਲਈ ਧਰਨਾ ਦਿੱਤਾ, ਜਿਸ 'ਤੇ ਪੁਲਸ ਨੇ 50 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਇਲਾਕਾ ਮੈਜਿਸਟ੍ਰੇਟ ਦੇ ਪੇਸ਼ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲਾ ਅਤੇ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ, ਫਸਲਾਂ ਦੀ ਰਹਿੰਦ-ਖੂਹੰਦ ਨਾ ਸਾੜਨ ਬਦਲੇ 5000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਆਗੂਆਂ ਨੇ ਕਿਹਾ ਕਿ ਸਰਕਾਰ ਗਊ-ਸੈੱਸ ਲੈ ਰਹੀ ਹੈ ਪਰ ਆਵਾਰਾ ਗਊਆਂ ਅਜੇ ਵੀ ਕਿਸਾਨਾਂ ਲਈ ਪਹਿਲਾਂ ਵਾਂਗ ਦੀ ਸਿਰਦਰਦੀ ਬਣੀਆਂ ਹੋਈਆਂ ਹਨ। 
ਉਨ੍ਹਾਂ ਚਿਤਵਾਨੀ ਦਿੱਤੀ ਕਿ ਅਗਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 
ਇਸ ਸਮੇਂ ਕਿਸਾਨ ਆਗੂ ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਮੌੜ, ਰਾਜਬੀਰ ਸਿੰਘ, ਵਜ਼ੀਰ ਸਿੰਘ ਡੋਡ, ਮਾਸਟਰ ਬਲਵਿੰਦਰ ਸਿੰਘ, ਮਾਸਟਰ ਮਹਿੰਦਰ ਸਿੰਘ, ਬਲਵੀਰ ਸਿੰਘ ਸਾਦਿਕ, ਬਲੌਰ ਸਿੰਘ ਸਾਦਿਕ, ਸੁਖਦੇਵ ਸਿੰਘ, ਜਗਰੂਪ ਸਿੰਘ, ਮੇਜਰ ਸਿੰਘ ਝੋਟੀਵਾਲਾ, ਇੰਦਰਜੀਤ ਸਿਘ ਘਣੀਆ, ਚਰਨਜੀਤ ਸਿੰਘ ਸੁੱਖਣਵਾਲਾ, ਸੁਖਮੰਦਰ ਸਿੰਘ ਢਿੱਲਵਾਂ, ਬਲਜਿੰਦਰ ਸਿੰਘ ਵਾੜਾ ਦੜਾਕਾ, ਨੈਬ ਸਿੰਘ, ਡਿਪਟੀ ਸਿੰਘ ਨੱਥਣਵਾਲਾ ਵੀ ਮੌਜੂਦ ਸਨ।