ਰੰਜਿਸ਼ ਤਹਿਤ ਪਹਿਲਵਾਨ ਜਗਰੂਪ ''ਤੇ ਕੀਤਾ ਸੀ ਹਮਲਾ

11/18/2017 7:02:50 AM

ਚਵਿੰਡਾ ਦੇਵੀ,  (ਬਲਜੀਤ)-  ਬੀਤੇ ਕੱਲ ਨਜ਼ਦੀਕੀ ਪਿੰਡ ਰਾਮਦੀਵਾਲੀ ਹਿੰਦੂਆਂ ਵਿਖੇ ਚੱਲੀ ਗੋਲੀ 'ਚ ਪਿਉ-ਪੁੱਤ ਦੇ ਜ਼ਖਮੀ ਹੋਣ ਤੇ ਦੂਜੀ ਧਿਰ ਦੇ ਜਗਰੂਪ ਸਿੰਘ, ਦਲੇਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਮਾਤਾ ਗੁਰਪ੍ਰੀਤ ਕੌਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਪੁਲਸ ਥਾਣਾ ਕੱਥੂਨੰਗਲ ਨੇ ਪਰਚਾ ਦਰਜ ਕਰ ਦਿੱਤਾ।
ਇਸ ਸਬੰਧੀ ਪੱਤਰਕਾਰਾਂ ਦੀ ਟੀਮ ਨੂੰ ਹਸਪਤਾਲ ਵਿਖੇ ਜ਼ੇਰੇ ਇਲਾਜ ਜਗਰੂਪ ਸਿੰਘ ਤੇ ਉਸ ਦੇ ਭਰਾ ਦਲੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਜੀ ਧਿਰ ਵੱਲੋਂ ਮੁਖਤਾਰ ਸਿੰਘ ਪੁੱਤਰ ਨਰਿੰਦਰ ਸਿੰਘ ਤੇ ਉਸ ਦੇ ਲੜਕੇ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਸਾਨੂੰ ਜ਼ਖਮੀ ਕਰ ਦਿੱਤਾ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਸਾਡੇ 'ਤੇ ਗੋਲੀ ਚਲਾਈ। ਮੇਰੇ ਛੋਟੇ ਭਰਾ ਦਲੇਰ ਸਿੰਘ ਦੇ ਲੱਕ ਵਿਚ ਗੋਲੀ ਦੇ ਛਰੇ ਲੱਗ ਗਏ ਤੇ ਮੇਰੇ ਸਿਰ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਕਰ ਕੇ ਮੈਂ ਬੇਹੋਸ਼ ਹੋ ਗਿਆ, ਜਿਸ 'ਤੇ ਮੈਨੂੰ ਮਰਿਆ ਹੋਇਆ ਸਮਝ ਕੇ ਉਕਤ ਦੋਸ਼ੀ ਮੌਕੇ ਤੋਂ ਭੱਜ ਗਏ।
ਉਨ੍ਹਾਂ ਕਿਹਾ ਕਿ ਸਾਡੀ ਹੈਰਾਨੀ ਦੀ ਹੱਦ ਉਦੋਂ ਖਤਮ ਹੋ ਗਈ ਜਦੋਂ ਪਤਾ ਲੱਗਾ ਕਿ ਪੁਲਸ ਥਾਣਾ ਕੱਥੂਨੰਗਲ ਵੱਲੋਂ ਸਾਡੇ 'ਤੇ ਹਮਲਾ ਹੋਣ ਕਰ ਕੇ ਸਾਡੇ ਖਿਲਾਫ ਹੀ ਧਾਰਾ 307 ਸਮੇਤ ਹੋਰ ਸੰਗੀਨ ਅਪਰਾਧਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ, ਜਦਕਿ ਦੋਸ਼ੀ ਧਿਰ ਖਿਲਾਫ ਕੋਈ ਕਾਰਵਾਈ ਤੱਕ ਨਹੀਂ ਕੀਤੀ ਗਈ। ਉਨ੍ਹਾਂ ਪੰਜਾਬ ਪੁਲਸ ਦੇ ਡੀ. ਜੀ. ਪੀ. ਤੇ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਪਾਸੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਜਦੋਂ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਹਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੀ ਧਿਰ ਜਗਰੂਪ ਸਿੰਘ ਤੇ ਦਲੇਰ ਸਿੰਘ ਦੀਆਂ ਮੈਡੀਕਲ ਰਿਪੋਰਟਾਂ ਆਉਣ 'ਤੇ ਕਰਾਸ ਪਰਚਾ ਦਰਜ ਕੀਤਾ ਜਾਵੇਗਾ। ਇਸ ਮੌਕੇ ਦੂਜੀ ਧਿਰ ਨਾਲ ਸੰਪਰਕ ਨਹੀਂ ਹੋ ਸਕਿਆ।