ਸਿੱਖਿਆ ਮੰਤਰੀ ਸੋਨੀ ਦੀ ਅਧਿਆਪਕਾਂ ਨੂੰ ਦੋ-ਟੁੱਕ

12/18/2018 4:18:33 PM

ਚੰਡੀਗੜ੍ਹ (ਮਨਮੋਹਨ) : ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅਧਿਆਪਕਾਂ ਨੂੰ ਦੋ-ਟੁੱਕ ਸਰਕਾਰ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਸਰਕਾਰ 15,300 'ਤੇ ਹੀ ਅਧਿਆਪਕਾਂ ਨੂੰ ਰੈਗੂਲਰ ਕਰੇਗੀ ਅਤੇ ਜਿਹੜੇ ਅਧਿਆਪਕ ਇਸ ਲਈ ਇੱਛੁਕ ਹੋਣਗੇ, ਉਨ੍ਹਾਂ ਨੂੰ ਹੀ ਰੈਗੂਲਰ ਕੀਤਾ ਜਾਵੇਗਾ। ਅਧਿਆਪਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ 'ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਹੈ ਅਤੇ ਰਾਜ਼ੀ ਹੁੰਦਿਆਂ ਹੀ ਉਨ੍ਹਾਂ ਨਾਲ ਅਧਿਆਪਕਾਂ ਦੀ ਮੀਟਿੰਗ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਦੀਆਂ ਦਾ ਭੱਤਾ 400 ਤੋਂ ਵਧਾ ਕੇ 600 ਕਰ ਦਿੱਤਾ ਗਿਆ ਹੈ। ਇਸ ਬਾਰੇ 'ਸਾਂਝਾ ਅਧਿਆਪਕ ਮੋਰਚਾ' ਦੇ ਮੈਂਬਰ ਸੁਖਜਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਪਟਿਆਲਾ ਜਾ ਕੇ ਸਿੱਖਿਆ ਮੰਤਰੀ ਜਿਹੜੇ ਵਾਅਦੇ ਕਰਕੇ ਆਏ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਅੱਜ ਦੀ ਮੀਟਿੰਗ ਬੁਲਾਈ ਗਈ ਸੀ ਅਤੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਇਹ ਮੀਟਿੰਗ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪੂਰੀ ਤਨਖਾਹ 'ਤੇ ਰੈਗੂਲਰ ਕਰਨ ਦੀ ਗੱਲ ਮੁੱਖ ਮੰਤਰੀ ਨਾਲ ਹੀ ਕੀਤੀ ਜਾਵੇਗੀ। 

Babita

This news is Content Editor Babita