ਅਰਵਿੰਦ ਕੇਜਰੀਵਾਲ ਨੂੰ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਦੀ ਨਸੀਹਤ, ਕਿਹਾ-ਪਹਿਲਾਂ ਦਿੱਲੀ ਦੀ ਕਰੋ ਚਿੰਤਾ

10/01/2021 6:15:17 PM

ਜਲੰਧਰ (ਧਵਨ)–ਪੰਜਾਬ ਦੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੌਰੇ ਦੌਰਾਨ ਸਿਹਤ ਖੇਤਰ ਨੂੰ ਲੈ ਕੇ ਕੀਤੇ ਗਏ ਐਲਾਨਾਂ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਆਪਣਾ ਘਰ ਸੰਭਾਲਣਾ ਚਾਹੀਦਾ ਹੈ। ਸੋਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਦਿੱਲੀ ’ਚ ਹਾਲਾਤ ਸਭ ਤੋਂ ਵੱਧ ਖ਼ਰਾਬ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ।

ਇਹ ਵੀ ਪੜ੍ਹੋ : ਕੈਪਟਨ ਨਾਲ ਮਿਲ ਕੇ ਤੀਜਾ ਫਰੰਟ ਬਣਾਉਣ ਲਈ ਤਿਆਰ ਨੇ ਸੁਖਦੇਵ ਸਿੰਘ ਢੀਂਡਸਾ

ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੂੰ ਸਭ ਤੋਂ ਪਹਿਲਾਂ ਦਿੱਲੀ ਦੀ ਚਿੰਤਾ ਕਰਨੀ ਚਾਹੀਦੀ ਹੈ। ਪੰਜਾਬੀਆਂ ਅਤੇ ਪੰਜਾਬ ਦੀ ਚਿੰਤਾ ਕਰਨ ਦੀ ਉਨ੍ਹਾਂ ਨੂੰ ਲੋੜ ਨਹੀਂ ਹੈ ਕਿਉਂਕਿ ਪੰਜਾਬ ਨੂੰ ਸੰਭਾਲਣ ਲਈ ਕਾਂਗਰਸ ਸਰਕਾਰ ਸਮਰੱਥ ਹੈ। ਸੋਨੀ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਨ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਅਸਲ ’ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਸੋਨੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ ਪੰਜਾਬ ਦੇ ਹਰੇਕ ਜ਼ਿਲ੍ਹੇ ’ਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਦਿੱਲੀ ਦੇ ਲੋਕ ਇਲਾਜ ਕਰਵਾਉਣ ਲਈ ਪਹੁੰਚੇ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਨਹੀਂ ਦੇ ਸਕੀ ਸੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਸਿਰਫ਼ ਸਿਆਸੀ ਸਟੰਟ ਹੈ ਜਦਕਿ ਅਸਲੀਅਤ ’ਚ ਦਿੱਲੀ ਵਾਸੀਆਂ ਨੂੰ ਹਾਲੇ ਤੱਕ ਬਿਹਤਰ ਸਿਹਤ ਸਹੂਲਤਾਂ ਨਹੀਂ ਮਿਲੀਆਂ ਹਨ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦਾ ਵੱਡਾ ਬਿਆਨ, ਕਿਹਾ-ਵਿਰੋਧੀ ਕਰ ਰਹੇ ਨੇ ‘ਕੈਪਟਨ’ ਦਾ ਇਸਤੇਮਾਲ

ਉਨ੍ਹਾਂ ਕਿਹਾ ਕਿ ਅਸਲ ’ਚ ਕੇਜਰੀਵਾਲ ਤੋਂ ਦਿੱਲੀ ਤਾਂ ਸੰਭਾਲੀ ਨਹੀਂ ਗਈ, ਇਸ ਲਈ ਉਨ੍ਹਾਂ ਨੇ ਪੰਜਾਬ ਵੱਲ ਰੁਖ ਕੀਤਾ ਹੋਇਆ ਹੈ। ਹਾਲੇ ਤੱਕ ਉਹ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਕਰ ਸਕੇ ਹਨ। ਸੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੋਵਿਡ ’ਚ ਸਭ ਤੋਂ ਚੰਗਾ ਕੰਮ ਕੀਤਾ ਗਿਆ ਹੈ। ਇਹ ਗੱਲ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਪੰਜਾਬ ਨੂੰ ਜੇ ਨਾ ਸੰਭਾਲਿਆ ਗਿਆ ਹੁੰਦਾ ਤਾਂ ਹਾਲਾਤ ਕਾਫ਼ੀ ਖਰਾਬ ਹੋ ਜਾਂਦੇ ਪਰ ਕਾਂਗਰਸ ਸਰਕਾਰ ਨੇ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜੇ ਪਰਗਟ ਸਿੰਘ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri