ਐੱਸ. ਡੀ. ਐੱਮ. ਦਫ਼ਤਰ ਤੇ ਤਹਿਸੀਲ ਕੰਪਲੈਕਸ ਦੇ ਜਨਤਕ ਪਖਾਨੇ ਬਣੇ ਨਰਕ

09/17/2017 2:15:25 PM

ਬਟਾਲਾ (ਮਠਾਰੂ) – ਸਥਾਨਕ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਅਤੇ ਤਹਿਸੀਲ ਕੰਪਲੈਕਸ ਦੇ ਅੰਦਰ ਪ੍ਰਸ਼ਾਸਨ ਵਲੋਂ ਆਮ ਲੋਕਾਂ ਦੀ ਸਹੂਲਤ ਦੇ ਲਈ ਬਣਾਏ ਗਏ ਪਖਾਨੇ ਨਰਕ ਦਾ ਰੂਪ ਧਾਰਨ ਕਰ ਚੁੱਕੇ ਹਨ ਕਿਉਂਕਿ ਹਰ ਪਾਸੇ ਫੈਲੀ ਭਾਰੀ ਗੰਦਗੀ ਆਮ ਲੋਕਾਂ ਨੂੰ ਜਿਥੇ ਭਿਆਨਕ ਬੀਮਾਰੀਆਂ ਦੀ ਲਪੇਟ 'ਚ ਜਕੜ ਰਹੀ ਹੈ, ਉਥੇ ਨਾਲ ਹੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਕੁੰਭਕਰਨੀ ਨੀਂਦ ਸੁੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਪਣੇ ਦਫ਼ਤਰਾਂ ਦੇ ਪਖਾਨੇ ਵੀ. ਆਈ. ਪੀ. ਹੋਣ ਕਾਰਨ ਜਨਤਾ ਦੀ ਇਸ ਮੁਸ਼ਕਿਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। 
ਐੱਸ. ਡੀ. ਐੱਮ. ਦਫ਼ਤਰ ਦੇ ਨੇੜੇ ਅਤੇ ਤਹਿਸੀਲ ਕੰਪਲੈਕਸ ਦੇ ਅੰਦਰ ਬਣੇ ਹੋਏ ਜਨਾਨਾ ਅਤੇ ਮਰਦਾਨਾ ਜਨਤਕ ਪਖਾਨਿਆਂ ਦੇ ਅੰਦਰ ਪਾਣੀ ਦਾ ਕੋਈ ਵੀ ਨਿਕਾਸੀ ਪ੍ਰਬੰਧ ਨਹੀਂ ਹੈ ਜਦ ਕਿ ਖਰਾਬ ਟੂਟੀਆਂ 'ਚੋਂ ਹਰ ਵੇਲੇ ਪਾਣੀ ਵੱਗਦਾ ਰਹਿੰਦਾ ਹੈ। ਪਖਾਨਿਆਂ ਦੇ ਦਰਵਾਜ਼ੇ ਵੀ ਟੁੱਟੇ ਹੋਏ ਹਨ, ਜਿਸ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਸੀਵਰੇਜ ਪ੍ਰਣਾਲੀ ਬੰਦ ਹੋਣ ਕਾਰਨ ਪਖਾਨਿਆਂ 'ਚ ਫੈਲੀ ਹੋਈ ਗੰਦਗੀ ਨੇ ਭਿਆਨਕ ਨਰਕ ਦਾ ਰੂਪ ਧਾਰਨ ਕਰ ਲਿਆ ਹੈ।
ਜ਼ਿਲੇ ਦੀ ਸਭ ਤੋਂ ਵੱਡੀ ਰੈਵੀਨਿਊ ਵਾਲੀ ਬਟਾਲਾ ਤਹਿਸੀਲ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਹਰ ਰੋਜ਼ ਹੀ ਲੋਕ ਆਪਣੇ ਕੰਮਾਂਕਾਰਾਂ ਨੂੰ ਲੈ ਕੇ ਆਉਂਦੇ ਹਨ ਅਤੇ ਬਦ ਨਾਲੋਂ ਬਦਤਰ ਹੋਏ ਪਏ ਪਖਾਨਿਆਂ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਆਮ ਲੋਕਾਂ ਨੇ ਐੱਸ. ਡੀ. ਐੱਮ. ਬਟਾਲਾ, ਤਹਿਸੀਲ ਬਟਾਲਾ ਅਤੇ ਨਗਰ ਕੌਂਸਲ ਦੇ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਨਰਕ ਬਣੇ ਇਨ੍ਹਾਂ ਪਖਾਨਿਆਂ ਦੀ ਹਾਲਤ ਨੂੰ ਠੀਕ ਕਰ ਕੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾਵੇ।