ਭੱਜੇ ਹਵਾਲਾਤੀਆਂ ਦੀ ਪਹਿਲਾਂ ਤੋਂ ਸੀ ਯੋਜਨਾ

01/12/2018 7:19:21 AM

ਲੁਧਿਆਣਾ  (ਸਿਆਲ) - ਬੁੱਧਵਾਰ ਤੜਕੇ ਸ਼ਿਮਲਾਪੁਰੀ ਸਥਿਤ ਆਬਜ਼ਰਵੇਸ਼ਨ ਹੋਮ ਤੋਂ ਭੱਜੇ 2 ਹਵਾਲਾਤੀਆਂ ਨੇ ਪੂਰੀ ਯੋਜਨਾ ਤਹਿਤ ਕਾਰਵਾਈ ਨੂੰ ਅੰਜਾਮ ਦਿੱਤਾ, ਜੋ ਕਿ ਆਪਣੇ ਨਾਲ ਭੱਜਣ ਲਈ ਇਕ ਹੋਰ ਹਵਾਲਾਤੀ ਨੂੰ ਵੀ ਤਿਆਰ ਕਰ ਰਹੇ ਸਨ ਪਰ ਉਹ ਡਰ ਕਾਰਨ ਉਨ੍ਹਾਂ ਦੀ ਯੋਜਨਾ ਵਿਚ ਸ਼ਾਮਲ ਨਹੀਂ ਹੋਇਆ। ਇਸ ਗੱਲ ਦਾ ਖੁਲਾਸਾ ਆਬਜ਼ਰਵੇਸ਼ਨ ਹੋਮ ਦਾ ਦੌਰਾ ਕਰਨ ਪੁੱਜੇ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਕੀਤਾ। ਹਾਲਾਂਕਿ ਆਬਜ਼ਰਵੇਸ਼ਨ ਹੋਮ ਦੇ ਸੁਪਰਡੈਂਟ ਰਾਜ ਕੁਮਾਰ ਨੇ ਤੀਜੇ ਹਵਾਲਾਤੀ ਦੇ ਭੱਜਣ ਦੀ ਯੋਜਨਾ ਵਿਚ ਸ਼ਾਮਲ ਹੋਣ ਸਬੰਧੀ ਅਣਜਾਣਤਾ ਪ੍ਰਗਟ ਕੀਤੀ। ਪੁੱਛਣ 'ਤੇ ਸੁਪਰਡੈਂਟ ਦਾ ਜਵਾਬ ਸੀ ਕਿ ਇਸ ਸਬੰਧੀ ਜਾਣਕਾਰੀ ਪੁਲਸ ਤੋਂ ਲਈ ਜਾਵੇ। ਯਾਦ ਰਹੇ ਕਿ ਬੁੱਧਵਾਰ ਨੂੰ ਤੜਕੇ 3.30 ਵਜੇ ਸ਼ਿਮਲਾਪੁਰੀ ਸਥਿਤ ਆਬਜ਼ਰਵੇਸ਼ਨ ਹੋਮ ਦੀ ਉੱਪਰਲੀ ਮੰਜ਼ਿਲ 'ਤੇ ਬਣੀ ਬੈਰਕ ਦੀ ਗਰਿੱਲ ਤੋੜ ਕੇ ਹਵਾਲਾਤੀ ਵਿਸ਼ਾਲ ਅਤੇ ਜਸਵੰਤ ਸਿੰਘ ਲਟਕਦੀਆਂ ਬਿਜਲੀ ਦੀਆਂ ਤਾਰਾਂ ਸਹਾਰੇ ਭੱਜ ਨਿਕਲੇ। ਨਾਲ ਹੀ ਮੰਗਲਵਾਰ ਰਾਤ ਹੋਮ ਵਿਚ ਡਿਊਟੀ 'ਤੇ 60 ਹਵਾਲਾਤੀਆਂ ਦੀ ਦੇਖ-ਰੇਖ ਵਿਚ ਸਿਰਫ 2 ਸੁਰੱਖਿਆ ਮੁਲਾਜ਼ਮ ਹੀ ਤਾਇਨਾਤ ਸਨ ਜਿਨ੍ਹਾਂ ਦੀ ਹਾਜ਼ਰੀ 'ਚ ਉਕਤ ਘਟਨਾ ਵਾਪਰੀ।
ਹਵਾਲਾਤੀ ਨੂੰ ਗਰਿੱਲ ਦੇ ਸੁਰਾਖ ਤੋਂ ਕੱਢਣ ਦਾ ਲਿਆ ਟਰਾਇਲ
ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਆਬਜ਼ਰਵੇਸ਼ਨ ਹੋਮ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਗਰਿੱਲ ਤੋੜਨ 'ਤੇ ਬਣੇ ਸੁਰਾਖ 'ਚੋਂ ਨਿਕਲਣਾ ਕਾਫੀ ਮੁਸ਼ਕਲ ਸੀ ਪਰ ਫਿਰ ਵੀ ਦੋਵੇਂ ਹਵਾਲਾਤੀ ਨਿਕਲ ਗਏ। ਇਸ ਦੌਰਾਨ ਉਨ੍ਹਾਂ ਨੇ ਇਕ ਕੈਦੀ ਨੂੰ ਉਸ ਸੁਰਾਖ ਤੋਂ ਕੱਢਣ ਦਾ ਟਰਾਇਲ ਵੀ ਲਿਆ। ਉਨ੍ਹਾਂ ਦੱਸਿਆ ਕਿ ਭੱਜਣ ਵਾਲੇ ਕੈਦੀਆਂ ਨੇ ਪੇਟ ਨੂੰ ਕਾਫੀ ਹੱਦ ਤੱਕ ਸੁੰਗੜਾਇਆ ਹੋਵੇਗਾ। ਨਾਲ ਹੀ ਇੰਨੀ ਉੱਚੀ ਕੰਧ ਅਤੇ ਬਿਜਲੀ ਦੀਆਂ ਤਾਰਾਂ ਸਹਾਰੇ ਭੱਜੇ ਹਵਾਲਾਤੀ ਕਰੰਟ ਦਾ ਵੀ ਸ਼ਿਕਾਰ ਹੋ ਸਕਦੇ ਸਨ। ਡਿਪਟੀ ਡਾਇਰੈਕਟਰ ਨੇ ਕਿਹਾ ਕਿ ਤੀਜੇ ਹਵਾਲਾਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਭੱਜਣ ਵਾਲੇ ਦੋਵੇਂ ਹਵਾਲਾਤੀ ਪਿਛਲੇ ਕੁਝ ਦਿਨਾਂ ਤੋਂ ਯੋਜਨਾ ਬਣਾ ਰਹੇ ਸਨ ਅਤੇ ਉਸ ਨੂੰ ਵੀ ਭੱਜਣ ਲਈ ਕਹਿ ਰਹੇ ਸਨ ਪਰ ਡਰ ਕਾਰਨ ਉਹ ਉਨ੍ਹਾਂ ਦੀ ਯੋਜਨਾ ਵਿਚ ਸ਼ਾਮਲ ਨਹੀਂ ਹੋਇਆ।
2 ਗੁਪਤ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਨੂੰ ਲਿਖਿਆ ਪੱਤਰ
ਸੂਤਰਾਂ ਮੁਤਾਬਕ ਆਬਜ਼ਰਵੇਸ਼ਨ ਹੋਮ ਪ੍ਰਸ਼ਾਸਨ ਨੇ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ 2 ਗੁਪਤ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ ਕਿਉਂਕਿ ਮਈ 2015 ਵਿਚ ਵੀ 4 ਹਵਾਲਾਤੀ ਸੁਰੱਖਿਆ ਮੁਲਾਜ਼ਮਾਂ 'ਤੇ ਹਮਲਾ ਕਰ ਕੇ ਭੱਜ ਨਿਕਲੇ ਸਨ। ਬੁੱਧਵਾਰ ਨੂੰ ਆਬਜ਼ਰਵੇਸ਼ਨ ਹੋਮ ਤੋਂ 2 ਹਵਾਲਾਤੀਆਂ ਦੇ ਭੱਜਣ ਤੋਂ ਬਾਅਦ ਇਕ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਸੀ ਕਿ ਹੋਮ 'ਚ ਲੱਗੇ 8 ਸੀ. ਸੀ. ਟੀ. ਵੀ. ਕੈਮਰੇ ਬੰਦ ਪਏ ਸਨ। ਹੋਮ ਪ੍ਰਸ਼ਾਸਨ ਨੇ ਦੱਸਿਆ ਸੀ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।