ਓ ਮਜ਼ਦੂਰ! ਤੂੰ ਹੀ ਸਭਨਾਂ ਦਾ ਕਰਤਾ ਤੂੰ ਹੀ ਸਾਥੋਂ ਦੂਰ

12/11/2017 7:21:38 AM

ਬਠਿੰਡਾ, (ਆਜ਼ਾਦ/ਵਰਮਾ)- ਇਕ ਮਜ਼ਦੂਰ ਸਭ ਤੋਂ ਜ਼ਿਆਦਾ ਸਰੀਰਕ ਮਿਹਨਤ ਕਰਦਾ ਹੈ। ਉਸ ਦੀ ਹੀ ਮਿਹਨਤ ਸਦਕਾ ਵੱਡੀਆਂ-ਵੱਡੀਆਂ ਇਮਾਰਤਾਂ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਚਾਹੇ ਉਹ ਤਾਜਮਹੱਲ ਹੋਵੇ ਜਾਂ ਲਾਲ ਕਿਲਾ ਉਨ੍ਹਾਂ ਦੀ ਮਿਹਨਤ ਬਦੌਲਤ ਹੀ ਸੰਭਵ ਹੋਇਆ ਹੈ। ਇਥੋਂ ਤੱਕ ਕਿ ਜੋ ਅਸੀਂ ਭੋਜਨ ਖਾਂਦੇ ਹਾਂ, ਉਹ ਵੀ ਉਸੇ ਬਦੌਲਤ ਹੀ ਸੰਭਵ ਹੁੰਦਾ ਹੈ ਪਰ ਅੱਜ ਮਜ਼ਦੂਰ ਦੋ ਸਮੇਂ ਦੀ ਰੋਟੀ ਲਈ ਦਰ-ਦਰ ਭਟਕਣ ਲਈ ਮਜਬੂਰ ਹੋ ਗਏ ਹਨ। 
ਮਜ਼ਦੂਰਾਂ ਦੀ ਸਮੱਸਿਆ 'ਤੇ ਕਿਸੇ ਦਾ ਧਿਆਨ ਨਹੀਂ ਜਾਂਦਾ। ਇਕ ਮਜ਼ਦੂਰ ਪੜ੍ਹਿਆ-ਲਿਖਿਆ ਨਾ ਹੋਣ ਕਾਰਨ ਉਹ ਆਪਣੇ ਅਧਿਕਾਰ ਵੀ ਨਹੀਂ ਜਾਣਦਾ, ਜਿਸ ਕਾਰਨ ਸੱਭਿਆ ਲੋਕ ਮਜ਼ਦੂਰਾਂ ਦਾ ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰਦੇ ਹਨ। ਸ਼ੋਸ਼ਣ ਕਰਨ ਵਾਲਾ ਜਾਣਦਾ ਹੈ ਕਿ ਉਸ ਦੀ ਗੱਲ ਕੋਈ ਸੁਣਨ ਵਾਲਾ ਨਹੀਂ ਹੈ, ਜਦੋਂ ਸ਼ੋਸ਼ਣ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈ ਤਾਂ ਮਜ਼ਦੂਰ ਫਰਿਆਦ ਲੈ ਕੇ ਪੁਲਸ ਪ੍ਰਸ਼ਾਸਨ ਕੋਲ ਜਾਂਦੇ ਹਨ ਪਰ ਪੁਲਸ ਪ੍ਰਸ਼ਾਸਨ ਉਲਟਾ ਉਨ੍ਹਾਂ ਨੂੰ ਹੀ ਦੋਸ਼ੀ ਮੰਨ ਲੈਂਦੇ ਹਨ। ਇਸ ਕਾਰਨ ਉਨ੍ਹਾਂ ਦਾ ਭਰੋਸਾ ਕਾਨੂੰਨ ਵਿਵਸਥਾ ਤੋਂ ਉੱਠ ਜਾਂਦਾ ਹੈ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵਾਂਗ ਸੜਕਾਂ 'ਤੇ ਪ੍ਰਦਰਸ਼ਨ ਨਹੀਂ ਕਰਦੇ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਅੱਜ ਅੰਦੋਲਨ ਕਰਨ ਲਈ ਸੜਕ 'ਤੇ ਉਤਰ ਗਏ ਤਾਂ ਸ਼ਾਮ ਨੂੰ ਚੁੱਲ੍ਹਾ ਨਹੀਂ ਜਲੇਗਾ ਅਤੇ ਖੁਦ ਤਾਂ ਭੁੱਖੇ ਸੌਣਗੇ ਹੀ ਬੱਚੇ ਵੀ ਭੁੱਖੇ ਸੌਣ ਲਈ ਮਜਬੂਰ ਹੋ ਜਾਣਗੇ।