ਵਿਦਿਆਰਥਣਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਸ਼ਰਾਰਤੀ ਨੌਜਵਾਨਾਂ ਨੇ ਮੰਗੀ ਮੁਆਫੀ

03/18/2018 7:41:41 AM

ਝਬਾਲ/ਬੀੜ ਸਾਹਿਬ,   (ਲਾਲੂ ਘੁੰਮਣ, ਬਖਤਾਵਰ, ਭਾਟੀਆ)-  ਪਿੰਡ ਠੱਠਗੜ੍ਹ ਦੇ ਸਮਾਜਸੇਵੀ ਨੌਜਵਾਨ ਰਾਣਾ ਸੰਧੂ ਵੱਲੋਂ ਸਕੂਲ ਜਾਂਦੀਆਂ ਲੜਕੀਆਂ ਨੂੰ ਕਥਿਤ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਵਾਲੇ ਸ਼ਰਾਰਤੀ ਨੌਜਵਾਨਾਂ ਵਿਰੁੱਧ ਥਾਣਾ ਝਬਾਲ ਵਿਖੇ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੇ ਮਗਰੋਂ ਪਿੰਡ ਸਾਂਘਣਾ ਦੇ ਮੋਹਤਬਰਾਂ ਵੱਲੋਂ ਪੁਲਸ ਅਧਿਕਾਰੀਆਂ ਦੀ ਹਾਜ਼ਰੀ 'ਚ ਲਿਖਤੀ ਜ਼ਿੰਮੇਵਾਰੀ ਚੁੱਕੀ ਗਈ ਕਿ ਪ੍ਰੇਸ਼ਾਨ ਕਰਨ ਵਾਲੇ ਨੌਜਵਾਨ ਅੱਗੇ ਤੋਂ ਅਜਿਹਾ ਨਹੀਂ ਕਰਨਗੇ।
 ਜਾਣਕਾਰੀ ਦਿੰਦਿਆਂ ਰਾਣਾ ਸੰਧੂ ਠੱਠਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਲੜਕੀਆਂ ਪਿੰਡ ਸਾਂਘਣਾ ਸਥਿਤ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਨ ਲਈ ਜਾਂਦੀਆਂ ਹਨ, ਰਸਤੇ 'ਚ ਲੜਕੀਆਂ ਨੂੰ ਪਿੰਡ ਸਾਂਘਣਾ ਦੇ ਕੁਝ ਨੌਜਵਾਨ ਤੰਗ-ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਇਸ ਸਬੰਧੀ ਪਿੰਡ ਦੇ ਮੋਹਤਬਰਾਂ ਨਾਲ ਸਲਾਹ ਕਰ ਕੇ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਕਾਰਨ ਪੁਲਸ ਵੱਲੋਂ ਜਦੋਂ ਉਕਤ ਸ਼ਰਾਰਤੀ ਅਨਸਰਾਂ ਵਿਰੁੱਧ ਸ਼ਿਕੰਜਾ ਕੱਸਿਆ ਗਿਆ ਤਾਂ ਪਿੰਡ ਸਾਂਘਣਾ ਦੇ ਸਰਪੰਚ ਸ਼ਰਮੈਲ ਸਿੰਘ, ਜਸਬੀਰ ਸਿੰਘ, ਨਸੀਬ ਸਿੰਘ ਮੈਂਬਰ ਪੰਚਾਇਤ, ਡਾ. ਬੇਅੰਤ ਸਿੰਘ ਤੇ ਹੋਰ ਵਿਅਕਤੀ ਉਨ੍ਹਾਂ ਦੇ ਘਰ ਪੁੱਜੇ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਪੁਲਸ ਅਧਿਕਾਰੀ ਸਹਾਇਕ ਥਾਣੇਦਾਰ ਰਾਜਬੀਰ ਸਿੰਘ ਦੀ ਹਾਜ਼ਰੀ 'ਚ ਉਕਤ ਨੌਜਵਾਨਾਂ ਨੇ ਮੁਆਫੀ ਮੰਗਦਿਆਂ ਲਿਖਤੀ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰਨਗੇ।  ਇਸ ਮੌਕੇ ਸੁਖਬੀਰ ਸਿੰਘ ਫੌਜੀ, ਪਿੰਟੂ ਠੱਠਗੜ੍ਹ, ਸਤਨਾਮ ਸਿੰਘ ਸੱਤਾ, ਬੰਟੀ ਸੰਧੂ, ਦਲਜੀਤ ਸਿੰਘ ਢਿੱਲੋਂ, ਰਾਣਾ ਢਿੱਲੋਂ ਝਬਾਲ, ਲਵ ਝਬਾਲ, ਜੋਬਨ ਸਿਧਾਣਾ ਆਦਿ ਹਾਜ਼ਰ ਸਨ।