ਨਨ ਬਲਾਤਕਾਰ ਮਾਮਲੇ ਦੀ ਜਾਂਚ ਕਰਨ ਜਲੰਧਰ ਪਹੁੰਚੀ ਕੇਰਲ ਪੁਲਸ

08/10/2018 3:07:34 PM

ਜਲੰਧਰ (ਕਮਲੇਸ਼, ਸੋਨੂੰ) : ਜਲੰਧਰ ਦੇ ਰੋਮਨ ਕੈਥੋਲਿਕ ਚਰਚ ਪਾਦਰੀ ਵਲੋਂ ਇਕ ਨਨ ਨਾਲ ਕਥਿਤ ਬਲਾਤਕਾਰ ਮਾਮਲੇ ਦੀ ਜਾਂਚ ਕਰ ਰਹੀ ਕੇਰਲਾ ਦੀ ਪੁਲਸ ਪਾਦਰੀ ਤੋਂ ਪੁੱਛਗਿੱਛ ਕਰਨ ਲਈ ਸ਼ੁੱਕਰਵਾਰ ਨੂੰ ਜਲੰਧਰ ਪਹੁੰਚ ਗਈ। ਇਕ ਪਾਸੇ ਜਿੱਥੇ ਜਲੰਧਰ 'ਚ ਪਾਦਰੀ ਹਾਊਸ ਦੇ ਬਾਹਰ ਮੀਡੀਆ ਦਾ ਇਕੱਠ ਹੋਇਆ ਹੈ, ਉਥੇ ਹੀ ਇਸ ਸਾਰੇ ਮਾਮਲੇ ਨੂੰ ਕਵਰ ਕਰਨ ਲਈ ਕੇਰਲਾ ਦਾ ਮੀਡੀਆ ਵੀ ਪਹੁੰਚਿਆ ਹੋਇਆ ਹੈ। 

ਡੀ. ਸੀ. ਪੀ. ਗੁਰਮੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਦਰੀ ਜਲੰਧਰ ਪਹੁੰਚ ਚੁੱਕੇ ਹਨ। ਪੁਲਸ ਨੇ ਇਸ ਮਾਮਲੇ ਵਿਚ ਉਨ੍ਹਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਮੀਡੀਆ ਵਲੋਂ ਜਦੋਂ ਡੀ. ਸੀ. ਪੀ. ਤੋਂ ਪੁੱਛਿਆ ਕਿ ਕੇਰਲ ਪੁਲਸ ਜਲੰਧਰ ਪਹੁੰਚ ਚੁੱਕੀ ਹੈ ਤਾਂ ਉਨ੍ਹਾਂ ਕਿਹਾ ਕਿ ਕੇਰਲ ਪੁਲਸ ਜਲੰਧਰ 'ਚ ਹੀ ਮੌਜੂਦ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੀ ਲੋਕੇਸ਼ਨ ਜਨਤਕ ਨਹੀਂ ਕੀਤੀ ਜਾ ਸਕਦੀ।

ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੇਰਲ ਪੁਲਸ ਪੀ. ਏ. ਪੀ. 'ਚ ਰੁਕੀ ਹੋਈ ਹੈ। ਦੂਜੇ ਪਾਸੇ ਵੀਰਵਾਰ ਨੂੰ ਜਦੋਂ 'ਜਗ ਬਾਣੀ' ਵਲੋਂ ਚਰਚ ਦੇ ਬੁਲਾਰੇ ਫਾਦਰ ਪੀਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਾਦਰੀ ਫ੍ਰੈਂਕੋ ਮੁਲਕਲ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਡਲਹੌਜੀ ਗਏ ਹੋਏ ਹਨ। ਮੌਕੇ 'ਤੇ ਡੀ. ਐੱਸ. ਪੀ. ਗੁਰਮੀਤ ਸਿੰਘ, ਏ. ਸੀ. ਪੀ. ਦਲਵੀਰ ਸਿੰਘ ਭੱਟਰ, ਐੱਸ. ਐੱਚ. ਓ. ਬਲਬੀਰ ਸਿਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਚਰਚ ਦੇ ਨੇੜੇ ਸਖਤ ਸੁਰੱਖਿਆ ਕੀਤੀ ਹੋਈ ਹੈ। 

ਕੀ ਹੈ ਮਾਮਲਾ
ਕੇਰਲ ਵਿਚ ਇਕ ਨਨ ਨੇ ਜਲੰਧਰ ਸਥਿਤ ਡਾਇਓਸੀਸ ਕੈਥੋਲਿਕ ਚਰਚ ਦੇ ਪਾਦਰੀ ਖਿਲਾਫ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਨਨ ਨੇ ਦੋਸ਼ ਲਗਾਇਆ ਹੈ ਕਿ 2014 ਵਿਚ ਜ਼ਿਲੇ ਦੇ ਕੁਰਵਾਲੰਗਦ ਇਲਾਕੇ ਵਿਚ ਅਨਾਥ ਆਸ਼ਰਮ ਨੇੜੇ ਇਕ ਗੈਸਟ ਹਾਊਸ ਵਿਚ ਪਹਿਲੀ ਵਾਰ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਇਸ ਤੋਂ ਬਾਅਦ ਉਸ ਦਾ 14 ਵਾਰ ਸ਼ੋਸ਼ਣ ਕੀਤੀ ਗਿਆ ਹੈ। ਇਹ ਨਨ ਜਲੰਧਰ ਸਥਿਤ ਡਾਇਓਸਿਸ ਕੈਥਲਿਕ ਚਰਚ ਦੇ ਤਹਿਤ ਚੱਲਣ ਵਾਲੇ ਇਕ ਸੰਸਥਾਨ 'ਚ ਕੰਮ ਕਰਦੀ ਸੀ। ਇਸ ਸੰਸਥਾਨ ਦੇ ਮੁਖੀਆ 54 ਸਾਲਾ ਬਿਸ਼ਪ ਫ੍ਰੈਂਕੋ ਮੁਲਕਲ ਹਨ।