ਮੁੜ ਵਧੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ, 2 ਦਿਨਾਂ ਦਾ ਅੰਕੜਾ ਹੋਇਆ 2,600 ਤੋਂ ਪਾਰ

11/14/2023 5:52:59 PM

ਪਟਿਆਲਾ : ਪਿਛਲੇ ਕੁਝ ਦਿਨਾਂ 'ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਦਿਖਾਈ ਗਈ ਸਖ਼ਤੀ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਪਰ ਹੁਣ ਦੁਬਾਰਾ ਇਨ੍ਹਾਂ ਮਾਮਲਿਆਂ 'ਚ ਵੱਡੀ ਗਿਣਤੀ 'ਚ ਵਾਧਾ ਰਿਕਾਰਡ ਕੀਤਾ ਜਾ ਰਿਹਾ ਹੈ। ਬੀਤੇ 24 ਘੰਟਿਆਂ 'ਚ ਸੂਬੇ 'ਚ 1,600 ਤੋਂ ਵੱਧ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਪਿਛਲੇ 2 ਦਿਨਾਂ 'ਚ ਕੁੱਲ ਮਾਮਲਿਆਂ ਦੀ ਗਿਣਤੀ 2,600 ਤੋਂ ਵੀ ਪਾਰ ਰਹੀ ਹੈ। ਸੂਬੇ 'ਚ ਦੀਵਾਲੀ ਵਾਲੇ ਦਿਨ ਵੀ 1,000 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਸਨ। 

ਇਸ ਦੌਰਾਨ ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਠਿੰਡਾ 'ਚ ਪਰਾਲੀ ਨੂੰ ਅੱਗ ਲਗਾਉਣ ਦੇ ਸਭ ਤੋਂ ਵੱਧ 272 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਸੰਗਰੂਰ 'ਚ 216, ਮੁਕਤਸਰ 'ਚ 191, ਫਾਜ਼ਿਲਕਾ 'ਚ 171, ਮੋਗਾ 'ਚ 164, ਬਰਨਾਲਾ 'ਚ 132, ਫਰੀਦਕੋਟ 'ਚ 129, ਮਾਨਸਾ 'ਚ 110 ਮਾਮਲੇ ਦਰਜ ਕੀਤੇ ਗਏ। ਫਿਰੋਜ਼ਪੁਰ 'ਚ 98, ਪਟਿਆਲਾ 'ਚ 41, ਲੁਧਿਆਣਾ 'ਚ 36, ਮਲੇਰਕੋਟਲਾ 'ਚ 25, ਅੰਮ੍ਰਿਤਸਰ 'ਚ 12, ਫਤਿਹਗੜ੍ਹ ਸਾਹਿਬ 'ਚ 9 ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ। ਹੁਸ਼ਿਆਰਪੁਰ ਤੇ ਤਰਨਤਾਰਨ 'ਚ 2-2 ਮਾਮਲੇ ਸਾਹਮਣੇ ਆਏ। 

ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ

ਜੇਕਰ ਗੱਲ ਕੁੱਲ ਮਾਮਲਿਆਂ ਦੀ ਕਰੀਏ ਤਾਂ ਸੂਬੇ 'ਚ 1 ਅਕਤੂਬਰ ਤੋਂ 13 ਨਵੰਬਰ ਤੱਕ ਕੁੱਲ 26,300 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 22,500 ਮਾਮਲੇ ਸਿਰਫ਼ 29 ਅਕਤੂਬਰ ਤੋਂ 13 ਨਵੰਬਰ ਤੱਕ ਦੇ 16 ਦਿਨਾਂ 'ਚ ਹੀ ਦਰਜ ਕੀਤੇ ਗਏ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਦੀਆਂ  ਏਜੰਸੀਆਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਸਨ ਤਾਂ ਜੋ ਸੂਬੇ 'ਚ ਪਰਾਲੀ ਨੂੰ ਅੱਗ ਲਗਾਉਣ ਅਤੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕੇ, ਪਰ ਇਸ ਦੇ ਬਾਵਜੂਦ ਮਾਮਲਿਆਂ ਦੀ ਗਿਣਤੀ ਇੱਥੇ ਤੱਕ ਪਹੁੰਚ ਗਈ ਹੈ। 4,000 ਦੇ ਕਰੀਬ ਮਾਮਲਿਆਂ 'ਚ ਕਿਸਾਨਾਂ ਨੂੰ ਕੁੱਲ 88 ਲੱਖ ਤੋਂ ਵੀ ਵੱਧ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਕਮੀ ਨਹੀਂ ਆਈ। 

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਖੋਹੀ ਨਕਦੀ ਤੇ 3 ਮੋਬਾਇਲ ਫ਼ੋਨ

ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਕਾਰਨ ਸੂਬੇ 'ਚ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਦੀਵਾਲੀ ਮੌਕੇ ਸਭ ਤੋਂ ਵੱਧ ਪ੍ਰਦੂਸ਼ਣ ਬਠਿੰਡਾ ਸ਼ਹਿਰ 'ਚ ਦਰਜ ਕੀਤਾ ਗਿਆ ਜਿੱਥੇ ਦਾ ਏਅਰ ਕੁਆਲਿਟੀ ਇੰਡੈਕਸ (AQI) 384 ਤੱਕ ਰਿਕਾਰਡ ਕੀਤਾ ਗਿਆ, ਜੋ ਉਸ ਸਮੇਂ ਦਿੱਲੀ (362) ਦੇ AQI ਨਾਲੋਂ ਵੀ ਵੱਧ ਸੀ। ਪਟਿਆਲਾ ਦਾ AQI 298, ਜਲੰਧਰ 'ਚ 291, ਲੁਧਿਆਣਾ 'ਚ 286, ਮੰਡੀ ਗੋਬਿੰਦਗੜ੍ਹ 'ਚ 243, ਖੰਨਾ 'ਚ 259 ਅਤੇ ਅੰਮ੍ਰਿਤਸਰ 'ਚ AQI 253 ਰਿਕਾਰਡ ਕੀਤਾ ਗਿਆ ਸੀ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harpreet SIngh

This news is Content Editor Harpreet SIngh