ਕੋਰੋਨਾ ਦੇ ਕਹਿਰ ਦਰਮਿਆਨ ਖ਼ਤਰੇ ਦੀ ਘੰਟੀ, ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਘਟੀ

04/21/2021 5:39:25 PM

ਲੁਧਿਆਣਾ (ਸਹਿਗਲ) : ਮਰੀਜ਼ਾਂ ਦੀ ਵਧਦੀ ਗਿਣਤੀ ਦੇ ਚਲਦੇ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਘੱਟ ਹੋਣ ਲੱਗੀ ਹੈ। ਲੋਕਾਂ ਨੂੰ ਵੈਂਟੀਲੇਟਰ ਬੈੱਡ ਮਿਲਣੇ ਮੁਸ਼ਕਲ ਹੋ ਗਏ ਹਨ। ਜ਼ਿਲ੍ਹੇ ’ਚ ਕੋਰੋਨਾ ਵਾਇਰਸ ਕਾਰਣ 7 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 851 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚ 778 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 73 ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ। ਜਿਨ੍ਹਾਂ 7 ਮਰੀਜ਼ਾਂ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚੋਂ 5 ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦੋਂਕਿ ਦੋ ਹੋਰ ਮਰੀਜ਼ਾਂ ਵਿਚ ਜੰਮੂ-ਕਸ਼ਮੀਰ ਸੂਬੇ ਅਤੇ ਇਕ ਫਾਜ਼ਿਲਕਾ ਨਾਲ ਸਬੰਧਤ ਸੀ। ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਤੋਂ ਬਾਅਦ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 44,599 ਹੋ ਗਈ ਹੈ। ਇਨ੍ਹਾਂ ਵਿਚੋਂ 1,258 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਤੋਂ ਇਲਾਵਾ ਸਥਾਨਕ ਹਸਪਤਾਲਾਂ ’ਚ ਇਲਾਜ ਲਈ ਦਾਖਲ ਹੋਣ ਵਾਲੇ ਬਾਹਰੀ ਮਰੀਜ਼ਾਂ ’ਚ 6841 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 649 ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 5028 ਹੋ ਗਈ ਹੈ।

ਇਹ ਵੀ ਪੜ੍ਹੋ :  ਪੰਜਾਬ ਨੂੰ ਨਹੀਂ ਬਣਨ ਦੇਵਾਂਗੇ ਦਿੱਲੀ, ਔਖ ਤਾਂ ਹੋਵੇਗੀ ਪਰ ਅਜਿਹਾ ਕਰਨਾ ਲਾਜ਼ਮੀ  : ਕੈਪਟਨ

ਸਿਹਤ ਅਧਿਕਾਰੀ ਮੁਤਾਬਕ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 70 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ, ਜਦੋਂਕਿ ਓ. ਪੀ. ਡੀ. ਵਿਚ 147, ਫਲੂ ਕਾਰਨਰ ’ਤੇ 360 ਮਰੀਜ਼ਾਂ ਤੋਂ ਇਲਾਵਾ ਤਿੰਨ ਹੈਲਥ ਕੇਅਰ ਵਰਕਰ, ਇਕ ਅੰਡਰ ਟ੍ਰਾਇਲ ਅਤੇ ਇਕ 2 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਜ਼ਿਲ੍ਹੇ ’ਚ ਪਾਜ਼ੇਟਿਵ ਆਏ ਮਰੀਜ਼ਾਂ ਵਿਚੋਂ 38312 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 5029 ਹੋ ਗਈ ਹੈ। ਹਸਪਤਾਲਾਂ ’ਚ ਵਧਦੀ ਭੀੜ ਦੇ ਮੱਦੇਨਜ਼ਰ ਹਸਪਤਾਲਾਂ ਵਿਚ ਖਾਲੀ ਬੈੱਡਾਂ ਦੀ ਗਿਣਤੀ 20 ਫੀਸਦੀ ਤੋਂ ਘੱਟ ਰਹਿ ਗਈ ਹੈ, ਜਦੋਂਕਿ ਵੈਂਟੀਲੇਟਰ ਬੈੱਡਾਂ ਲਈ ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਆਉਣੇ ਸ਼ੁਰੂ ਹੋ ਗਏ ਹਨ। ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਹਸਪਤਾਲਾਂ ’ਚ 876 ਪਾਜ਼ੇਟਿਵ ਮਰੀਜ਼ ਦਾਖਲ ਹਨ। ਇਨ੍ਹਾਂ ਵਿਚ 85 ਪਾਜ਼ੇਟਿਵ ਮਰੀਜ਼ ਸਰਕਾਰੀ ਹਸਪਤਾਲਾਂ ’ਚ, ਜਦੋਂਕਿ 791 ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਇਸ ਤੋਂ ਇਲਾਵਾ 3669 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਸਿਹਤ ਵਿਭਾਗ ਦੀ ਰਿਪੋਰਟ ਦੀ ਮੰਨੀਏ ਤਾਂ ਜ਼ਿਲ੍ਹੇ ਵਿਚ 23 ਮਰੀਜ਼ ਗੰਭੀਰ ਸਥਿਤੀ ਵਿਚ ਹਨ। ਇਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚ 16 ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ ਦੂਜੇ ਪਾਸੇ ਲੋਕਾਂ ਨੂੰ ਵੈਂਟੀਲੇਟਰ ਬੈੱਡ ਮਿਲਣੇ ਮੁਸ਼ਕਿਲ ਹੋ ਰਹੇ ਹਨ।

ਹਸਪਤਾਲਾਂ ’ਤੇ ਵਧਾਇਆ ਦਬਾਅ, ਕੋਵਿਡ-19 ਲਈ ਵਧਾਉਣ ਬੈੱਡਾਂ ਦੀ ਗਿਣਤੀ
ਮਰੀਜ਼ਾਂ ਦੀ ਵਧਦੀ ਗਿਣਤੀ ਵਧਦੀ ਦੇਖ ਕੇ ਜ਼ਿਲਾ ਪ੍ਰਸ਼ਾਸਨ ਨੇ ਹਸਪਤਾਲਾਂ ’ਤੇ ਕੋਰੋਨਾ ਦੇ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ਹੋਰ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਕਈ ਹਸਪਤਾਲ ਪ੍ਰਬੰਧਨ ਦੁਚਿੱਤੀ ਦੀ ਹਾਲਤ ਵਿਚ ਹਨ ਕਿ ਕੋਰੋਨਾ ਤੋਂ ਇਲਾਵਾ ਬਾਕੀ ਮਰੀਜ਼ਾਂ ਦਾ ਕੀ ਕੀਤਾ ਜਾਵੇ।

ਇਹ ਵੀ ਪੜ੍ਹੋ :  ਕੋਰੋਨਾ ਮਹਾਮਾਰੀ ਨਿਗਲ ਗਈ ਗਾਰਮੈਂਟ ਇੰਡਸਟਰੀ ਦੇ 3 ਸੀਜ਼ਨ, ਕਰੋੜਾਂ ਰੁਪਏ ਦਾ ਸਟਾਕ ਹੋਇਆ ਜਮ੍ਹਾ

ਮਰੀਜ਼ਾਂ ਨੂੰ ਪੇਸ਼ ਆਉਣ ਲੱਗੀਆਂ ਮੁਸ਼ਕਿਲਾਂ
ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਨੂੰ ਇਲਾਜ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆਉਣ ਲੱਗੀਆਂ ਹਨ। ਇਕ ਨਿੱਜੀ ਹਸਪਤਾਲ ਵਿਚ ਦਾਖਲ ਮਰੀਜ਼ ਨੇ ਵੀਡੀਓ ਜਾਰੀ ਕਰ ਕੇ ਆਪਣੀਆਂ ਮੁਸ਼ਕਿਲਾਂ ਨੂੰ ਜ਼ਿਲਾ ਪ੍ਰਸ਼ਾਸਨ ਦੇ ਸਾਹਮਣੇ ਰੱਖਿਆ ਹੈ ਕਿ ਕਿਸ ਤਰ੍ਹਾਂ ਹਸਪਤਾਲ ’ਚ ਉਸ ਦੀ ਇਲਾਜ ਵਿਚ ਅਣਦੇਖੀ ਹੋ ਰਹੀ ਹੈ। ਇਸੇ ਤਰ੍ਹਾਂ ਕਈ ਹੋਰ ਹਸਪਤਾਲਾਂ ਵਿਚ ਮਰੀਜ਼ ਸ਼ਿਕਾਇਤ ਕਰਦੇ ਦਿਖਾਈ ਦੇ ਰਹੇ ਹਨ ਕਿ ਡਾਕਟਰ ਉਨ੍ਹਾਂ ਕੋਲ ਬਹੁਤ ਘੱਟ ਸਮੇਂ ਲਈ ਆਉਂਦੇ ਹਨ ਅਤੇ ਬਿਨਾਂ ਪੂਰੀ ਗੱਲ ਸੁਣੇ ਚਲੇ ਜਾਂਦੇ ਹਨ। ਇਕ ਹੋਰ ਹਸਪਤਾਲ ’ਚ ਦਾਖਲ ਮਰੀਜ਼ ਦੇ ਪਰਿਵਾਰ ਨੇ ਦੱਸਿਆ ਕਿ ਸਰਕਾਰ ਨੂੰ ਕੋਰੋਨਾ ਦੇ ਇਲਾਜ ਦੀਆਂ ਦਰਾਂ ਵਿਚ ਕਮੀ ਲਿਆਉਣੀ ਚਾਹੀਦੀ ਹੈ ਕਿਉਂਕਿ ਨਿੱਜੀ ਹਸਪਤਾਲਾਂ ’ਚ ਕੋਰੋਨਾ ਦੇ ਇਲਾਜ ’ਤੇ ਲੱਖਾਂ ਰੁਪਏ ਖਰਚ ਹੋ ਰਹੇ ਹਨ।

7282 ਸੈਂਪਲ ਜਾਂਚ ਲਈ ਭੇਜੇ
ਜ਼ਿਲ੍ਹੇ ਵਿਚ 7282 ਸੈਂਪਲ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 6308 ਸੈਂਪਲ ਸਿਹਤ ਮਹਿਕਮੇ ਵੱਲੋਂ, ਜਦੋਂਕਿ 974 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ। ਪਹਿਲਾਂ ਤੋਂ ਭੇਜੇ ਗਏ ਸੈਂਪਲਾਂ ’ਚੋਂ 475 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

448 ਮਰੀਜ਼ ਹੋਏ ਡਿਸਚਾਰਜ
ਜ਼ਿਲ੍ਹੇ ’ਚ 448 ਮਰੀਜ਼ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਕਰਾਰ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਮਰੀਜ਼ ਹਸਪਤਾਲਾਂ ਤੋਂ ਇਲਾਵਾ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵਧ ਰਹੇ ਮਾਮਲਿਆਂ ਦੌਰਾਨ ਪ੍ਰਸ਼ਾਸਨ ਦਾ ਵੱਡਾ ਐਲਾਨ, ਜਲੰਧਰ ’ਚ ਵੱਧੇਗੀ ਸਖ਼ਤੀ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 

Anuradha

This news is Content Editor Anuradha