ਪੀ. ਯੂ. ''ਚ ”ਐੱਨ. ਐੱਸ. ਯੂ.” ਆਈ

09/08/2017 8:21:21 AM

ਚੰਡੀਗੜ੍ਹ  (ਰਸ਼ਮੀ ਹੰਸ) - ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 'ਚ ਕਾਂਗਰਸ ਦੇ ਵਿਦਿਆਰਥੀ ਸੰਗਠਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨ. ਐੱਸ. ਯੂ. ਆਈ.) ਨੇ ਧਮਾਕੇਦਾਰ ਜਿੱਤ ਦਰਜ ਕੀਤੀ ਹੈ। 2 ਸਾਲ ਬਾਅਦ ਵਾਪਸ ਆਈ ਹੈ ਐੱਨ. ਐੱਸ. ਯੂ. ਆਈ. ਨੇ ਪ੍ਰਧਾਨ, ਉਪ ਪ੍ਰਧਾਨ ਤੇ ਸੈਕਟਰੀ ਦੇ ਅਹੁਦਿਆਂ 'ਤੇ ਜਿੱਤ ਹਾਸਲ ਕੀਤੀ, ਜਦੋਂਕਿ ਜੁਆਇੰਟ ਸੈਕਟਰੀ ਅਹੁਦੇ 'ਤੇ ਆਈ. ਐੱਸ. ਏ. ਦੇ ਕਰਨ ਰੰਧਾਵਾ ਨੇ ਸਭ ਤੋਂ ਜ਼ਿਆਦਾ ਵੋਟ ਹਾਸਲ ਕਰ ਕੇ ਜਿੱਤ ਦਰਜ ਕੀਤੀ ਹੈ। ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੇ ਅਹੁਦੇ 'ਤੇ ਐੱਨ. ਐੱਸ. ਯੂ. ਆਈ. ਦੇ ਜਸ਼ਨ ਕੰਬੋਜ ਨੇ ਐੱਸ. ਐੱਫ. ਐੱਸ. ਦੀ ਹਸਨਪ੍ਰੀਤ ਨੂੰ 61 ਵੋਟਾਂ ਨਾਲ ਹਰਾਇਆ। ਉਥੇ ਹੀ ਉਪ ਪ੍ਰਧਾਨ ਅਹੁਦੇ 'ਤੇ ਐੱਨ. ਐੱਸ. ਯੂ. ਆਈ. ਦੇ ਕਰਨਵੀਰ ਸਿੰਘ ਨੇ ਪੁਸੂ ਦੀ ਨਿਧੀ ਲਾਂਬਾ ਨੂੰ 1338 ਵੋਟਾਂ ਨਾਲ ਹਰਾਇਆ, ਜਦੋਂਕਿ ਐੱਨ. ਐੱਸ. ਯੂ. ਆਈ. ਦੀ ਵਾਣੀ ਸੂਦ ਨੇ ਪੁਸੂ ਦੇ ਸੂਰਜ ਢਇਆ ਨੂੰ 669 ਵੋਟਾਂ ਨਾਲ ਹਰਾਇਆ। ਪੁਸੂ ਨਾਲ ਗਠਜੋੜ ਕਰ ਕੇ ਚੋਣਾਂ ਲੜੇ ਆਈ. ਐੱਸ. ਏ. ਦੇ ਕਰਨ ਰੰਧਾਵਾ ਨੇ ਜੁਆਇੰਟ ਸੈਕਟਰੀ ਦੇ ਅਹੁਦੇ 'ਤੇ 375 ਵੋਟਾਂ ਨਾਲ ਐੱਨ. ਐੱਸ. ਯੂ. ਆਈ. ਦੀ ਇਜਿਯਾ ਸਿੰਘ ਨੂੰ ਹਰਾਇਆ। ਕਰਨ ਰੰਧਾਵਾ ਨੂੰ ਇਨ੍ਹਾਂ ਚੋਣਾਂ 'ਚ ਸਭ ਤੋਂ ਜ਼ਿਆਦਾ ਵੋਟ ਮਿਲੇ।
ਐੱਨ. ਐੱਸ. ਯੂ. ਆਈ. ਇਸ ਤੋਂ ਪਹਿਲਾਂ ਸੈਸ਼ਨ-2013 ਤੇ 2014 ਦੀਆਂ ਚੋਣਾਂ ਜਿੱਤੀ ਸੀ। ਸੈਸ਼ਨ-2013 'ਚ ਚੰਦਨ ਰਾਣਾ ਨੇ ਕੁਲ 3599 ਵੋਟ ਹਾਸਲ ਕਰ ਕੇ 838 ਵੋਟਾਂ ਨਾਲ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਅਹੁਦੇ ਦੀ ਚੋਣ ਜਿੱਤੀ ਸੀ। ਉਦੋਂ ਕੈਂਪਸ 'ਚ 68 ਫੀਸਦੀ ਵੋਟਿੰਗ ਹੋਈ ਸੀ, ਜੋ ਕਿ ਪੀ. ਯੂ. ਵਿਦਿਆਰਥੀ ਕੌਂਸਲ ਦੀਆਂ ਹੁਣ ਤਕ ਦੀਆਂ ਚੋਣਾਂ 'ਚ ਵੱਧ ਤੋਂ ਵੱਧ ਵੋਟਿੰਗ ਹੈ। ਸੈਸ਼ਨ-2014 'ਚ ਵੀ ਐੱਨ. ਐੱਸ. ਯੂ. ਆਈ. ਦੇ ਉਮੀਦਵਾਰ ਦਿਵਆਂਸ਼ੂ ਬੁੱਧੀਰਾਜਾ ਨੇ ਕੁਲ 2249 ਵੋਟ ਹਾਸਿਲ ਕਰ ਕੇ 77 ਵੋਟਾਂ ਨਾਲ ਪ੍ਰਧਾਨ ਅਹੁਦਾ ਜਿੱਤਿਆ ਸੀ। ਸੈਸ਼ਨ-2014 'ਚ 59 ਫੀਸਦੀ ਵੋਟਿੰਗ ਹੋਈ ਸੀ, ਜਦੋਂਕਿ ਸੈਸ਼ਨ-2015 'ਚ ਸੋਈ ਨੇ ਚੋਣਾਂ 'ਚ ਜਿੱਤ ਹਾਸਿਲ ਕੀਤੀ ਸੀ।
ਸਾਰੇ ਗੁੱਟਾਂ ਦੀ ਇਕਜੁਟਤਾ ਨਾਲ ਜਿੱਤੀ ਐੱਨ. ਐੱਸ. ਯੂ. ਆਈ.
ਇਸ ਵਾਰ ਦੀਆਂ ਚੋਣਾਂ 'ਚ ਐੱਨ. ਐੱਸ. ਯੂ. ਆਈ. ਦਾ ਜੀ. ਜੀ. ਐੱਸ. ਯੂ., ਹਿਮਸ਼ੂ ਤੇ ਐੱਚ. ਐੱਸ. ਏ. ਨਾਲ ਗਠਜੋੜ ਸੀ। ਇਸ ਤੋਂ ਇਲਾਵਾ ਐੱਨ. ਐੱਸ. ਓ. ਨੇ ਵੀ ਐੱਨ. ਐੱਸ. ਯੂ. ਆਈ. ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ।
ਐੱਨ. ਐੱਸ. ਯੂ. ਆਈ. ਤੋਂ ਵੱਖ ਹੋ ਕੇ ਬਣਿਆ ਗੁੱਟ ਸਟੂਡੈਂਟਸ ਫਰੰਟ ਪਿਛਲੇ ਸਾਲ ਦੀਆਂ ਚੋਣਾਂ 'ਚ ਪੁਸੂ ਨਾਲ ਜੁੜ ਗਿਆ ਸੀ ਪਰ ਇਸ ਵਾਰ ਇਹ ਫਿਰ ਐੱਨ. ਐੱਸ. ਯੂ. ਆਈ. ਨਾਲ ਜੁੜ ਗਿਆ ਸੀ। ਇਨ੍ਹਾਂ ਤੋਂ ਇਲਾਵਾ ਐੱਨ. ਐੱਸ. ਯੂ. ਆਈ. ਦੇ ਸਾਰੇ ਗੁੱਟ ਮਨੋਜ ਲੁਬਾਣਾ, ਸਨੀ ਮਹਿਤਾ, ਸੰਧੂ ਗੁੱਟ, ਜੁਗਨੂੰ ਗਰੁੱਪ ਵੀ ਇਕੱਠੇ ਹੋ ਗਏ ਸਨ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਐੱਨ. ਐੱਸ. ਯੂ. ਆਈ. ਦੇ ਸਾਰੇ ਗੁੱਟਾਂ ਦੀ ਇਸ ਇਕਜੁਟਤਾ ਨੇ ਹੀ 2 ਸਾਲ ਬਾਅਦ ਪੀ. ਯੂ. ਵਿਦਿਆਰਥੀ ਕੌਂਸਲ 'ਚ ਐੱਨ. ਐੱਸ. ਯੂ. ਆਈ. ਦੀ ਜ਼ੋਰਦਾਰ ਵਾਪਸੀ ਕਰਵਾਈ ਹੈ।