ਐੱਨ. ਆਰ. ਆਈਜ਼. ਦੇ ਮਸਲਿਆਂ ਦੇ ਹੱਲ ਲਈ ਪੰਜਾਬ ''ਚ ਸਲਾਹਕਾਰ ਬੋਰਡ ਬਣੇਗਾ : ਪ੍ਰਨੀਤ ਕੌਰ

08/28/2018 12:13:49 PM

ਪਟਿਆਲਾ(ਜ. ਬ.)— ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਜੋ ਕਿ ਇਨ੍ਹੀਂ ਦਿਨੀਂ ਕੁਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਬਰਲਿਨ ਤੇ ਲੰਡਨ ਦੇ ਦੌਰੇ 'ਤੇ ਹਨ, ਨੇ ਉੁਥੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਏ ਗਏ ਐੱਨ. ਆਰ. ਆਈਜ਼ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦੁਆਇਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਐੱਨ. ਆਰ. ਆਈਜ਼ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।

ਇਸ ਦੌਰੇ ਬਾਰੇ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲਸ ਤੋਂ ਦਿੱਤੀ ਗਈ ਸੂਚਨਾ ਮੁਤਾਬਕ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਲੰਡਨ ਤੇ ਬਰਲਿਨ ਤੋਂ ਆਏ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐੱਨ. ਆਰ. ਆਈਜ਼ ਦੇ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਵੱਲੋਂ ਇਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਇਸ 'ਚ ਯੂ. ਐੱਸ. ਏ., ਯੂ. ਕੇ., ਕੈਨੇਡਾ ਸਮੇਤ ਹੋਰ ਮੁਲਕਾਂ ਤੋਂ ਜ਼ੋਨਲ ਮੁਖੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਭਰ 'ਚ ਜ਼ਿਲਾ ਪੱਧਰ 'ਤੇ ਵਿਦੇਸ਼ੀ ਭਾਰਤੀਆਂ ਦੇ ਮਸਲੇ ਨਿਪਟਾਉਣ ਲਈ ਏ. ਡੀ. ਸੀ. ਜਨਰਲ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਐੱਨ. ਆਰ. ਆਈਜ਼ ਦੀਆਂ ਜ਼ਮੀਨਾਂ ਦੇ ਮਸਲਿਆਂ ਸਮੇਤ ਹੋਰ ਮੁਸ਼ਕਲਾਂ ਦੇ ਨਿਪਟਾਰੇ ਲਈ 20 ਤੋਂ ਜ਼ਿਆਦਾ ਐੱਨ. ਆਰ. ਆਈਜ਼ ਵਸਨੀਕਾਂ ਵਾਲੇ ਪਿੰਡਾਂ 'ਚ ਐੱਨ. ਆਰ. ਆਈਜ਼ ਦਾ ਨੰਬਰਦਾਰ ਨਿਯੁਕਤ ਕੀਤਾ ਜਾਵੇਗਾ। ਜਦੋਂਕਿ ਪੁਲਸ ਸਮੇਤ ਮਾਲੀਆ ਨਾਲ ਸਬੰਧਤ ਕੇਸਾਂ ਦੇ ਜਲਦ ਨਿਪਟਾਰੇ ਲਈ ਫਾਸਟ ਟ੍ਰੈਕ ਅਦਾਲਤਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਰਿਕਾਰਡ ਆਨ ਲਾਇਨ ਕਰ ਦਿੱਤਾ ਹੈ ਜਿਸ ਲਈ ਕੋਈ ਵੀ ਐੱਨ. ਆਰ. ਆਈਜ਼ ਆਪਣੀ ਜ਼ਮੀਨ ਨੂੰ ਆਨਲਾਇਨ ਮੋਨੀਟਰ ਕਰ ਸਕੇਗਾ।

ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਸਪਲਾਈ ਲਾਇਨ ਤੋੜ ਦਿੱਤੀ ਗਈ ਹੈ। ਨਾਲ ਹੀ ਮੁਹਿੰਮ ਚਲਾ ਕੇ ਨੌਜਵਾਨਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਨਸ਼ੇ ਦਾ ਖਾਤਮਾ ਕਰਨ ਲਈ ਕੈਪਟਨ ਸਰਕਾਰ ਵਚਨਬੱਧ ਹੈ।