ਪਰਵਾਸੀ ਪੰਜਾਬੀ ''ਸਾਂਝ ਕੇਂਦਰਾਂ'' ''ਚ ਦਰਜ ਕਰਾ ਸਕਦੇ ਨੇ ਸ਼ਿਕਾਇਤਾਂ

02/18/2018 3:15:06 PM

ਚੰਡੀਗੜ੍ਹ : ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਸਬੰਧੀ ਸਿਸਟਮ ਨੂੰ ਸੌਖਾ ਬਣਾਉਂਦੇ ਹੋਏ ਪੂਰੇ ਸੂਬੇ 'ਚ 100 ਤੋਂ ਜ਼ਿਆਦਾ ਸਾਂਝ ਕੇਂਦਰ (ਸਰਵਿਸ ਸੈਂਟਰ) ਬਣਾਏ ਗਏ ਹਨ, ਜਿੱਥੇ ਐੱਨ. ਆਰ. ਆਈਜ਼ ਆਨਲਾਈਨ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ। ਉਂਝ ਤਾਂ ਐੱਨ. ਆਰ. ਆਈਜ਼ ਦੀਆਂ ਸ਼ਿਕਾਇਤਾਂ ਲਈ ਵਿਸ਼ੇਸ਼ ਤੌਰ 'ਤੇ 15 ਪੁਲਸ ਥਾਣੇ ਬਣਾਏ ਗਏ ਹਨ ਪਰ ਕਈ ਜ਼ਿਲਿਆਂ 'ਚ ਇਹ ਥਾਣੇ ਨਾ ਹੋਣ ਕਾਰਨ ਸਾਂਝ ਕੇਂਦਰ ਖੋਲ੍ਹੇ ਗਏ ਹਨ ਤਾਂ ਜੋ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਸ਼ਿਕਾਇਤਾਂ ਦੇਣ ਸਬੰਧੀ ਜ਼ਿਆਦਾ ਦੂਰ ਨਾ ਜਾਣਾ ਪਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਨ. ਆਰ. ਆਈ. ਮਾਮਲਿਆਂ ਦੇ ਆਈ. ਜੀ. ਈਸ਼ਵਰ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਪਰਵਾਸੀ ਪੰਜਾਬੀਆਂ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ ਬਠਿੰਡਾ ਜਾਣਾ ਪੈਂਦਾ ਸੀ ਕਿਉਂਕਿ ਉਨ੍ਹਾਂ ਦਾ ਅਧਿਕਾਰ ਖੇਤਰ ਉੱਥੋਂ ਦੇ ਪੁਲਸ ਥਾਣੇ 'ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪਰਵਾਸੀ ਪੰਜਾਬੀ ਆਪਣੇ ਨੇੜਲੇ ਸਾਂਝ ਕੇਂਦਰ 'ਚ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ। ਇਹ ਸਾਂਝ ਕੇਂਦਰ ਹਰ ਜ਼ਿਲਾ ਪੁਲਸ ਅਤੇ ਕਮਿਸ਼ਨਰੇਟ ਦਫਤਰਾਂ 'ਚ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦਾ ਮੁੱਖ ਮਕਸਦ ਪਰਵਾਸੀ ਪੰਜਾਬੀਆਂ ਦੇ ਸਮੇਂ ਨੂੰ ਬਚਾਉਣਾ ਹੈ, ਜਿਨ੍ਹਾਂ ਕੋਲ ਭਾਰਤ ਆਉਣ ਸਮੇਂ ਪਹਿਲਾਂ ਹੀ ਸਮੇਂ ਦੀ ਘਾਟ ਹੁੰਦੀ ਹੈ। ਪਰਵਾਸੀ ਪੰਜਾਬੀਆਂ ਨਾਲ ਸਬੰਧਿਤ ਪੁਲਸ ਥਾਣਿਆਂ ਦਾ ਵੀ ਆਉਣ ਵਾਲੇ ਦਿਨਾਂ 'ਚ ਪੁਨਰਗਠਨ ਕੀਤਾ ਜਾਵੇਗਾ। ਸੰਗਰੂਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ ਪੁਲਸ ਥਾਣਿਆਂ 'ਚ ਬਹੁਤ ਘੱਟ ਸ਼ਿਕਾਇਤਾਂ ਦਰਜ ਹੁੰਦੀਆਂ ਹਨ। ਇਕ ਵਾਰ ਜਦੋਂ ਸਾਂਝ ਕੇਂਦਰਾਂ 'ਚ ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਕੰਮ ਪੂਰੀ ਤਰ੍ਹਾਂ ਸਿਰੇ ਚੜ੍ਹ ਗਿਆ ਤਾਂ ਫਿਰ ਇਹ ਪੁਲਸ ਥਾਣੇ ਬੰਦ ਕਰ ਦਿੱਤੇ ਜਾਣਗੇ।