ਹੁਣ ਆਸਾਨ ਨਹੀਂ ਐੱਨ. ਆਰ. ਆਈ. ਲਾੜਿਆਂ ਲਈ ਵਿਆਹ ਕਰਾ ਕੇ ਵਿਦੇਸ਼ ਭੱਜਣਾ

09/25/2018 5:25:12 PM

ਜਲੰਧਰ : ਵਿਆਹ ਕਰਵਾ ਕੇ ਵਿਦੇਸ਼ ਭੱਜਣ ਵਾਲੇ ਐੱਨ. ਆਰ. ਆਈ. ਲਾੜਿਆਂ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਵੀ ਸਖਤੀ ਦਿਖਾਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ 30 ਹਜ਼ਾਰ ਲਾੜੀਆਂ ਨੂੰ ਛੱਡ ਕੇ ਵਿਦੇਸ਼ ਭੱਜਣ ਦੀ ਦਾਖਲ ਕੀਤੀ ਗਈ ਪਟੀਸ਼ਨ 'ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਕੇਂਦਰ ਨੂੰ ਸੰਜੀਦਗੀ ਨਾਲ ਪੇਸ਼ ਆਉਣ ਲਈ ਕਿਹਾ ਹੈ। 
ਇੰਝ ਹੁੰਦੀ ਹੈ ਕਾਰਵਾਈ
ਦੇਖਣ ਵਿਚ ਆਇਆ ਹੈ ਕਿ ਕਈ ਵਾਰ ਐੱਨ. ਆਰ. ਆਈ. ਲਾੜਾ ਵਿਆਹ ਕਰਵਾ ਕੇ ਵਿਦੇਸ਼ ਭੱਜ ਜਾਂਦਾ ਹੈ ਅਤੇ ਉਥੇ ਜਾ ਕੇ ਲੜਕੀ ਨਾਲ ਕੋਈ ਸੰਪਰਕ ਨਹੀਂ ਕਰਦਾ ਹੈ। ਅਜਿਹੇ ਵਿਚ ਉਕਤ ਲਾੜੇ ਖਿਲਾਫ 498 ਏ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਕਈ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਐੱਨ. ਆਰ. ਆਈ. ਲਾੜੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ, ਇਸ 'ਤੇ ਸਰਕਾਰ ਵਲੋਂ ਬਣਾਏ ਗਏ ਐੱਨ. ਆਰ. ਆਈ. ਵਿੰਗ ਕੋਲ ਵੀ ਲਾੜੇ ਖਿਲਾਫ ਸ਼ਿਕਾਇਤ ਕੀਤੀ ਜਾ ਸਕਦੀ ਹੈ। 
ਸੂਬਾ ਸਰਕਾਰ ਆਪਣੇ ਪੱਧਰ 'ਤੇ ਕਾਰਵਾਈ ਤੋਂ ਬਾਅਦ ਵਿਦੇਸ਼ ਮੰਤਰਾਲੇ ਨੂੰ ਐੱਨ. ਆਰ. ਆਈ. ਲਾੜੇ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕਰਦੀ ਹੈ। ਜਿਸ 'ਤੇ ਐੱਨ. ਆਰ. ਆਈ. ਲਾੜੇ ਦਾ ਪਾਸਪੋਰਟ ਵੀ ਰੱਦ ਕੀਤਾ ਜਾ ਸਕਦਾ ਹੈ। ਜੇਕਰ ਐੱਨ. ਆਰ. ਆਈ. ਲਾੜਾ ਭਾਰਤ ਦਾ ਵਾਸੀ ਨਹੀਂ ਹੈ ਜਾਂ ਉਸ ਕੋਲ ਭਾਰਤ ਦਾ ਪਾਸਪੋਰਟ ਨਹੀਂ ਹੈ ਤਾਂ ਇਸ 'ਤੇ ਵਿਦੇਸ਼ ਮੰਤਰਾਲੇ ਸੰਬੰਧਤ ਦੇਸ਼ ਦੀ ਸਰਕਾਰ ਤੋਂ ਉਕਤ ਲਾੜੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਾ ਹੈ ਅਤੇ ਜੇਕਰ ਲਾੜਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦਾ ਪਾਸਪੋਰਟ ਇੰਪਾਊਂਡ ਕੀਤਾ ਜਾ ਸਕਦਾ ਹੈ। 
38 ਭਗੌੜੇ ਐੱਨ. ਆਰ. ਆਈ. ਲਾੜਿਆਂ ਦੇ ਪਾਸਪੋਰਟ ਰੱਦ
ਬੀਤੇ ਮਹੀਨੇ ਵਿਦੇਸ਼ ਮੰਤਰਾਲੇ ਨੇ ਵੱਡੀ ਕਾਰਵਾਈ ਕਰਦੇ ਹੋਏ 38 ਭਗੌੜੇ ਐੱਨ. ਆਰ. ਆਈ. ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਸਨ। ਇਸ ਦੇ ਨਾਲ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਸੀ ਕਿ ਧੋਖੇਬਾਜ਼ ਲਾੜਿਆਂ ਲਈ ਵਿਆਹ ਕਰਵਾਉਣ ਤੋਂ 48 ਘੰਟਿਆਂ ਦੇ ਅੰਦਰ ਵਿਆਹ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ ਤਾਂ ਜੋ ਭਾਰਤ ਸਰਕਾਰ ਕੋਲ ਇਸ ਸੰਬੰਧੀ ਲੋੜੀਂਦਾ ਡਾਟਾ ਮੌਜੂਦ ਰਹੇ ਅਤੇ ਲੋੜ ਪੈਣ 'ਤੇ ਕਾਰਵਾਈ ਕੀਤੀ ਜਾ ਸਕੇ।