ਐੱਨ. ਆਰ. ਆਈ. ਮਹਿਲਾ ਦੇ ਕਤਲ ''ਚ ਵੱਡਾ ਖੁਲਾਸਾ, ਆਸਟ੍ਰੇਲੀਆ ''ਚੋਂ ਪਤੀ ਨੇ ਰਚੀ ਸਾਜ਼ਿਸ਼

03/26/2019 6:19:09 PM

ਫਿਰੋਜ਼ਪੁਰ (ਮਲਹੋਤਰਾ/ਸੰਨੀ) : 14 ਮਾਰਚ ਨੂੰ ਪਿੰਡ ਬੱਗੇ ਕੇ ਪਿੱਪਲ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੋਈ ਐੱਨ. ਆਰ. ਆਈ. ਔਰਤ ਰਵਨੀਤ ਕੌਰ ਦੇ ਮਾਮਲੇ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਵਨੀਤ ਨੂੰ ਉਸ ਦੇ ਪਤੀ ਜਸਪ੍ਰੀਤ ਸਿੰਘ ਨੇ ਆਸਟ੍ਰੇਲੀਆ 'ਚ ਬੈਠੇ ਹੀ ਪਹਿਲਾਂ ਅਗਵਾ ਤੇ ਫਿਰ ਉਸ ਦਾ ਕਤਲ ਕਰਵਾ ਦਿੱਤਾ। ਰਵਨੀਤ ਦੀ ਲਾਸ਼ ਪੁਲਸ ਨੇ ਲਹਿਰਾਗਾਗਾ ਨਹਿਰ 'ਚੋਂ ਬਰਾਮਦ ਕਰ ਲਈ ਹੈ। ਥਾਣਾ ਆਰਫਕੇ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਰਵਨੀਤ ਕੌਰ ਦੇ ਪਿਤਾ ਹਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਦੀ ਧੀ ਦਾ ਵਿਆਹ ਜਸਪ੍ਰੀਤ ਸਿੰਘ ਨਾਲ ਹੋਇਆ ਸੀ ਤੇ ਇਨ੍ਹਾਂ ਦੇ ਘਰ 4 ਸਾਲ ਦੀ ਬੱਚੀ ਹੈ। ਪੂਰਾ ਪਰਿਵਾਰ ਆਸਟਰੇਲੀਆ ਵਿਚ ਪੀ. ਆਰ. ਹੈ। ਉਸ ਨੇ ਦੱਸਿਆ ਸੀ ਕਿ ਉਸ ਦੀ ਧੀ ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਰਹਿਣ ਆਈ ਹੋਈ ਸੀ ਤੇ 14 ਮਾਰਚ ਨੂੰ ਉਹ ਫੋਨ 'ਤੇ ਗੱਲ ਕਰਦੇ-ਕਰਦੇ ਅਚਾਨਕ ਲਾਪਤਾ ਹੋ ਗਈ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਪਰਚਾ ਦਰਜ ਕੀਤਾ ਸੀ। 

ਪਤੀ ਤੇ ਉਸ ਦੀ ਪ੍ਰੇਮਿਕਾ ਨਿਕਲੇ ਮਾਸਟਰ ਮਾਈਂਡ 
ਐੱਸ. ਆਈ. ਅਨੁਸਾਰ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਦੇ ਆਸਟਰੇਲੀਆ 'ਚ ਰਹਿੰਦੀ ਐੱਨ. ਆਰ. ਆਈ. ਲੜਕੀ ਕਿਰਨਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਹਨ ਤੇ ਇਸ ਬਾਰੇ ਰਵਨੀਤ ਕੌਰ ਨੂੰ ਪਤਾ ਲੱਗ ਗਿਆ ਸੀ। ਉਸ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਦੋਵਾਂ ਨੇ ਕਿਰਨਪ੍ਰੀਤ ਕੌਰ ਦੀ ਰਿਸ਼ਤੇਦਾਰ ਤਰਨਜੀਤ ਕੌਰ ਨਾਲ ਮਿਲ ਕੇ ਇਹ ਯੋਜਨਾ ਬਣਾਈ। 14 ਮਾਰਚ ਨੂੰ ਜਦੋਂ ਰਵਨੀਤ ਕੌਰ ਆਪਣੇ ਪੇਕੇ ਪਿੰਡ ਸੀ ਤਾਂ ਜਸਪ੍ਰੀਤ ਸਿੰਘ ਨੇ ਉਸ ਨੂੰ ਫੋਨ ਕੀਤਾ ਤੇ ਜਾਣ ਬੁੱਝ ਕੇ ਲੰਬੀਆਂ ਗੱਲਾਂ ਕਰਦਾ ਰਿਹਾ। ਆਪਣੇ ਨਾਲ ਹੋਣ ਵਾਲੀ ਅਣਹੋਣੀ ਤੋਂ ਅਣਜਾਣ ਰਵਨੀਤ ਕੌਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਗੱਲਾਂ ਕਰਦੇ-ਕਰਦੇ ਪਿੰਡ ਤੋਂ ਕਿੰਨਾ ਦੂਰ ਨਿਕਲ ਆਈ ਹੈ, ਜਿਥੇ ਪਹਿਲਾਂ ਹੀ ਗੱਡੀ ਲੈ ਕੇ ਬੈਠੀਆਂ ਕਿਰਨਪ੍ਰੀਤ ਕੌਰ ਤੇ ਤਰਨਜੀਤ ਕੌਰ ਨੇ ਉਸ ਨੂੰ ਕੋਈ ਨਸ਼ੇ ਵਾਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਗੱਡੀ ਵਿਚ ਬਿਠਾ ਕੇ ਲੈ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਲਹਿਰਾਗਾਗਾ ਨਹਿਰ 'ਚ ਸੁੱਟ ਦਿੱਤਾ।
ਐੱਸ. ਆਈ. ਨੇ ਦੱਸਿਆ ਕਿ ਇਸ ਮਾਮਲੇ ਵਿਚ ਤਰਨਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਵਾ ਦੇ ਮਾਮਲੇ ਨੂੰ ਕਤਲ ਦੇ ਕੇਸ 'ਚ ਤਬਦੀਲ ਕਰਦੇ ਹੋਏ ਤਰਨਜੀਤ ਕੌਰ, ਕਿਰਨਪ੍ਰੀਤ ਕੌਰ ਤੇ ਜਸਪ੍ਰੀਤ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਤਰਨਜੀਤ ਕੌਰ ਦੀ ਨਿਸ਼ਾਨਦੇਹੀ 'ਤੇ ਨਹਿਰ 'ਚੋਂ ਰਵਨੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

Gurminder Singh

This news is Content Editor Gurminder Singh