NRI ਕਲੱਬ ਨਕੋਦਰ ਨੇ ਚੁੰਮਿਆ ਬੋਲੀਨਾ ਦੋਆਬਾ ਦਾ ਪਹਿਲਾ ਕਬੱਡੀ ਕੱਪ

02/05/2018 2:27:53 AM

ਜਲੰਧਰ (ਵੇਦ ਪ੍ਰਕਾਸ਼)- ਐੱਨ. ਆਰ. ਆਈ. ਕਲੱਬ ਨਕੋਦਰ ਨੇ ਐੱਨ. ਆਰ. ਆਈ. ਅਮਰੀਕਾ ਕਲੱਬ ਕਪੂਰਥਲਾ ਨੂੰ ਹਰਾ ਕੇ ਪਿੰਡ ਬੋਲੀਨਾ ਦੋਆਬਾ ਵਿਖੇ ਬਾਬਾ ਭਗਤ ਰਾਮ ਜੀ ਦੇ ਆਸ਼ੀਰਵਾਦ ਨਾਲ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਪੰਮੀ ਬੋਲੀਨਾ (ਨਿਊਜ਼ੀਲੈਂਡ) ਦੀ ਅਗਵਾਈ ਵਿਚ  ਕਰਵਾਇਆ ਗਿਆ ਪਹਿਲਾ ਕਬੱਡੀ ਕੱਪ ਚੁੰਮ ਲਿਆ।
ਦੋ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਓਪਨ ਖਿਤਾਬ 'ਤੇ ਕਾਲਾ ਸੰਘਿਆਂ ਨੇ ਪੱਤੜ ਕਲਾਂ ਨੂੰ ਹਰਾ ਕੇ ਆਪਣਾ ਕਬਜ਼ਾ ਜਮਾਇਆ, ਜਦਕਿ 70 ਕਿਲੋ 'ਚ ਪਰਸਰਾਮਪੁਰ ਹਰਖੋਵਾਲੀਆ ਨੂੰ ਹਰਾ ਕੇ ਜੇਤੂ ਰਿਹਾ। ਪ੍ਰਵਾਸੀਆਂ ਭਾਰਤੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਦੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਪਰਮਜੀਤ ਸਿੰਘ ਪੰਮੀ ਵਲੋਂ ਕੀਤੀ ਗਈ।
ਇਨਾਮਾਂ ਦੀ ਵੰਡ ਸਮੇਂ ਜਰਨੈਲ ਸਿੰਘ ਜੈਲਾ, ਰਾਜੇਸ਼ ਬਾਘਾ, ਲਹਿੰਬਰ ਸਿੰਘ, ਰਾਕੇਸ਼ ਪੰਡਿਤ, ਦਿਲਬਾਗ ਸਿੰਘ, ਲਾਡੀ ਬੋਲੀਨਾ, ਜੁਝਾਰ ਸਿੰਘ, ਮਨਜਿੰਦਰ ਸਿੰਘ ਬਾਸੀ, ਪ੍ਰੋ. ਹਰਬੰਸ ਸਿੰਘ ਬੋਲੀਨਾ ਉੱਘੇ ਸਿੱਖ ਚਿੰਤਕ ਤੋਂ ਇਲਾਵਾ ਜਸਪਾਲ ਸਿੰਘ ਇੰਚਾਰਜ ਸੇਵਾ ਕੇਂਦਰ ਕਰਤਾਰਪੁਰ, ਜੋਗਾ ਸਿੰਘ, ਰਾਣਾ ਭੁੱਲਰ, ਚਰਨਜੀਤ ਸਿੰਘ ਥਿਆੜਾ, ਕੁਲਜੀਤ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਸੁਰਿੰਦਰ ਸਿੰਘ ਇੰਗਲੈਂਡ, ਵਿਜੇ ਅਰੋੜਾ, ਦਿਲਸ਼ੇਰ ਸਿੰਘ, ਐੱਸ. ਪੀ. ਡੀ. ਬਲਕਾਰ ਸਿੰਘ, ਗੁਰਚਰਨ ਸਿੰਘ, ਮੋਹਨ ਲਾਲ, ਪਰਮਜੀਤ ਕੌਰ, ਤਰਸੇਮ ਸਿੰਘ, ਸਾਬੀ ਬੋਲੀਨਾ ਨਿਊਜ਼ੀਲੈਂਡ, ਕਸ਼ਮੀਰ ਸਿੰਘ, ਮੋਹਨ ਸਿੰਘ ਯੂ. ਕੇ., ਸੁਰਜੀਤ ਸਿੰਘ, ਲਹਿੰਬਰ ਸਿੰਘ ਕੈਨੇਡਾ, ਜਗਦੀਪ ਸਿੰਘ ਗੋਪੀ, ਰਾਜੂ ਬੋਲੀਨਾ, ਕੇ. ਪੀ. ਬੋਲੀਨਾ, ਬੱਬੂ ਬਾਘਾ, ਸੰਤੋਖ ਸਿੰਘ, ਟੋਨੀ, ਪਰਮਵੀਰ ਸਿੰਘ, ਗੋਸ਼ੀ, ਹਰਮਨ, ਸੰਜੀਵ ਸ਼ਰਮਾ ਤੇ ਗੋਪੀ ਬੋਲੀਨਾ ਆਦਿ ਵੀ ਹਾਜ਼ਰ ਸਨ।
ਇਸ ਟੂਰਨਾਮੈਂਟ 'ਚ ਚੋਟੀ ਦੀਆਂ ਕਲੱਬਾਂ ਤੇ ਅਕੈਡਮੀਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਪਿੰਡ ਬੋਲੀਨਾ ਦੋਆਬਾ ਦੀ ਧਰਤੀ 'ਤੇ ਖੂਬ ਧੂੜਾਂ ਪੁੱਟੀਆਂ। ਕਲੱਬਾਂ ਦੇ ਮੁਕਾਬਲਿਆਂ ਤੋਂ ਇਲਾਵਾ ਓਪਨ ਤੇ 70 ਕਿਲੋ ਦੇ ਬੈਸਟ ਜਾਫੀਆਂ ਤੇ ਧਾਵੀਆਂ ਨੂੰ ਵੀ ਵਿਸ਼ੇਸ਼ ਇਨਾਮਾਂ ਨਾਲ ਨਿਵਾਜਿਆ ਗਿਆ, ਜਿਸ ਵਿਚ ਮੁੱਖ ਤੌਰ 'ਤੇ ਮੱਝਾਂ, ਸੋਨੇ ਦੀਆਂ ਮੁੰਦਰੀਆਂ ਅਤੇ ਚਾਂਦੀ ਦੀਆਂ ਮੁੰਦਰੀਆਂ ਸ਼ਾਮਲ ਸਨ। ਦਰਸ਼ਕਾਂ ਵਿਚ ਮੋਬਾਇਲ ਫੋਨ ਤੇ ਮੋਟਰਸਾਈਕਲ ਦੇ ਲੱਕੀ ਡਰਾਅ ਵੀ ਕੱਢੇ ਗਏ।