ਦਾਜ ਰੂਪੀ ਦੈਂਤ ਨਿਗਲ ਗਿਆ ਦੋ ਜ਼ਿੰਦਗੀਆਂ, ਮਾਂ-ਧੀ ਦੀ ਮੌਤ

03/08/2019 4:30:00 PM

ਨੌਸ਼ਹਿਰਾ ਪਨੂੰਆਂ (ਬਲਦੇਵ ਪਨੂੰ, ਰਮਨ, ਵਿਜੇ) - ਇਥੋਂ ਦੀ ਵਸਨੀਕ ਲੜਕੀ ਅਮਰਪ੍ਰੀਤ ਕੌਰ ਅਤੇ ਉਸ ਦੀ ਮਾਤਾ ਜਸਵਿੰਦਰ ਕੌਰ ਵਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਅਮਰਪ੍ਰੀਤ  ਦਾ ਵਿਆਹ ਹਰਪ੍ਰੀਤ ਸਿੰਘ ਧੀਰਾ ਸਪੁੱਤਰ ਸਵ. ਮਹਿੰਦਰ ਸਿੰਘ ਵਾਸੀ ਬੱਲ ਖੁਰਦ (ਫਤਿਹਗੜ੍ਹ ਚੂੜੀਆਂ) ਨਾਲ ਕਰੀਬ 2 ਕੁ ਮਹੀਨੇ ਪਹਿਲਾਂ ਹੋਇਆ ਸੀ। ਲੜਕੀ ਪਤੀ,  ਉਸਦੇ  ਦਿਓਰ, ਮਾਂ ਅਤੇ ਭੈਣ ਨੇ ਮਿਲ ਕੇ ਉਸਨੂੰ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਹਰਪ੍ਰੀਤ ਸਿੰਘ ਧੀਰਾ ਅਤੇ ਅਮਰਪ੍ਰੀਤ ਕੌਰ 'ਚ ਝਗੜਾ ਹੋਣਾ ਸ਼ੁਰੂ ਹੋ ਗਿਆ, ਜਿਸ ਦਾ ਜਿਕਰ ਅਕਸਰ ਅਮਰਪ੍ਰੀਤ ਆਪਣੀ ਮਾਂ ਜਸਵਿੰਦਰ ਕੌਰ ਨਾਲ ਕਰਿਆ ਕਰਦੀ ਸੀ ਕਿ ਮਾਂ ਇਨ੍ਹਾਂ ਮੈਨੂੰ ਮਾਰ ਦੇਣਾ। ਉਸਦੇ ਇਕਲੌਤੇ ਭਰਾ ਮਨਦੀਪ ਸਿੰਘ ਕੋਲ ਕੋਈ ਹੋਰ ਚਾਰਾ ਨਾ ਹੋਣ ਕਾਰਨ ਆਪਣੀ ਭੈਣ ਨੂੰ ਇਥੇ ਆਪਣੇ ਕੋਲ ਲੈ ਆਇਆ, ਰਿਸ਼ਤੇਦਾਰ, ਸਕੇ ਸਬੰਧੀਆਂ ਨੇ ਬਥੇਰਾ ਸਮਝਾਇਆ ਕਿ ਇਹ ਗਰੀਬਾਂ ਨੇ ਬੜੀ ਮੁਸ਼ਕਲ ਨਾਲ ਧੀ ਨੂੰ ਵਿਆਹਿਆ ਹੈ ਪਰ ਦਾਜ ਦੇ ਲੋਭੀ ਨਾ ਮੰਨੇ। ਕੱਲ 6 ਮਾਰਚ ਨੂੰ ਮੱਸਿਆ ਮੌਕੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਸਮਝਾਉਣ ਲੱਗੇ ਪਰ ਉਨ੍ਹਾਂ ਦੇ ਮਨ 'ਤੇ ਕੋਈ ਅਸਰ ਨਾ ਹੋਇਆ। ਘਰ ਆ ਕੇ ਮਾਂ ਧੀ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਦਾ ਪਤਾ ਲੱਗਣ 'ਤੇ ਗੁਆਂਢੀਆਂ ਅਤੇ ਹੋਰਨਾਂ  ਨੇ 108 ਐਂਬੂਲੈਂਸ 'ਚ ਪਾ ਕੇ ਗੁਰੂ ਨਾਨਕ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਅਮਰਪ੍ਰੀਤ ਕੌਰ ਨੂੰ ਪਹਿਲਾਂ ਮ੍ਰਿਤਕ  ਐਲਾਨਿਆਂ,  ਬਾਅਦ 'ਚ ਉਸ ਦੀ ਮਾਤਾ ਜਸਵਿੰਦਰ ਕੌਰ ਪਤਨੀ ਸਵ. ਜਸਬੀਰ ਸਿੰਘ ਨੇ ਦਮ ਤੋੜ ਦਿੱਤਾ, ਜਿਸ ਦੀ ਇਤਲਾਹ ਚੌਕੀ ਨੌਸ਼ਹਿਰਾ ਪਨੂੰਆਂ ਵਿਖੇ ਦੇ ਦਿੱਤੀ ਗਈ। ਪੁਲਸ ਨੇ ਚਾਰ ਮੁਲਜ਼ਮਾਂ ਹਰਪ੍ਰੀਤ ਸਿੰਘ ਧੀਰਾ(ਪਤੀ), ਲਵਪ੍ਰੀਤ ਸਿੰਘ ਰਵੀ (ਦਿਓਰ), ਗਿੰਦੀ (ਸੱਸ) ਤੇ ਭੋਲਾ ਨਨਦ 'ਤੇ ਧਾਰਾ 306, 120 ਬੀ, ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਸਨ। ਪੁਲਸ ਨੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਜਿਨ੍ਹਾਂ ਦਾ ਸ਼ਾਮ ਸਮੇਂ ਸਸਕਾਰ ਕਰ ਦਿੱਤਾ ਗਿਆ।

Baljeet Kaur

This news is Content Editor Baljeet Kaur