PGI ’ਚ ਹੁਣ ਹਿਮਾਚਲ ਦੇ ਲੋਕਾਂ ਨੂੰ ਵੀ ਮਿਲੇਗੀ ਇਹ ਸੁਵਿਧਾ, ਹਰ ਸਾਲ ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗਾ ਲਾਭ

02/27/2024 6:27:06 PM

ਚੰਡੀਗੜ੍ਹ  (ਹਾਂਡਾ) : ਪੀ. ਜੀ. ਆਈ. ਨੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਹਿਮਾਚਲ ਪ੍ਰਦੇਸ਼ ਦੀ ਹਿਮਕੇਅਰ ਯੋਜਨਾ ਨਾਲ ਸਮਝੌਤਾ ਪੱਤਰ (ਐੱਮ. ਓ. ਯੂ.) ’ਤੇ ਦਸਤਖ਼ਤ ਕੀਤਾ ਹੈ। ਇਸਦਾ ਉਦੇਸ਼ ਸਿਹਤ ਸੇਵਾਵਾਂ ਨੂੰ ਸੁਚਾਰੂ ਬਣਾਉਣਾ ਅਤੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੀ ਤਰਜ਼ ’ਤੇ ਕੈਸ਼ਲੈੱਸ ਇਲਾਜ ਰਾਹੀਂ ਮਰੀਜ਼ਾਂ ਨਾਲ ਜੁੜਨਾ ਹੈ। ਇਸ ਨਾਲ ਸਾਲਾਨਾ ਆਧਾਰ ’ਤੇ ਹਿਮਾਚਲ ਪ੍ਰਦੇਸ਼ ਦੇ ਲਗਭਗ 4 ਤੋਂ 5 ਹਜ਼ਾਰ ਮਰੀਜ਼ਾਂ ਨੂੰ ਲਾਭ ਮਿਲੇਗਾ। ਦੋ ਵੱਕਾਰੀ ਅਦਾਰਿਆਂ ਦਰਮਿਆਨ ਸ਼ਾਨਦਾਰ ਸਾਂਝੇਦਾਰੀ ਦੀ ਸ਼ੁਰੂਆਤ ਨੂੰ ਲੈ ਕੇ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ, ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੰਕਜ ਰਾਏ ਅਤੇ ਵਿੱਤੀ ਸਲਾਹਕਾਰ ਵਰੁਣ ਆਹਲੂਵਾਲੀਆ ਦੀ ਮੌਜ਼ੂਦਗੀ ’ਚ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਗਏ। ਪੀ. ਜੀ. ਆਈ. ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਉਹ ਮਿਸਾਲੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਆਪਣੇ ਸਮਰਪਣ ’ਚ ਦ੍ਰਿੜ ਹਨ ਜੋ ਮਰੀਜ਼ਾਂ ਦੀ ਭਲਾਈ ਨੂੰ ਸਭ ਤੋਂ ਵੱਧ ਤਰਜ਼ੀਹ ਦਿੰਦੇ ਹਨ। ਹਿਮਕੇਅਰ ਨਾਲ ਸਾਂਝੇਦਾਰੀ ਰਾਹੀਂ ਅਤੇ ਕੈਸ਼ਲੈੱਸ ਇਲਾਜ ਹਿਮਾਚਲ ਵਾਸੀਆਂ ਤੱਕ ਪਹੁੰਚਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਵਿੱਤੀ ਤੰਗੀ ਕਾਰਣ ਕੋਈ ਵੀ ਮਰੀਜ਼ ਉਸ ਦੇਖਭਾਲ ਤੋਂ ਵਾਂਝਾ ਨਾ ਰਹੇ ਜਿਸ ਦੇ ਉਹ ਹੱਕਦਾਰ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਸਿਮਰਨਜੀਤ ਕੌਰ ਅਤੇ ਪ੍ਰਨੀਤ ਕੌਰ ਨੇ ਏਸ਼ੀਆ ਕੱਪ ’ਚ ਮਾਰੀਆਂ ਵੱਡੀਆਂ ਮੱਲਾਂ

ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੇ 5 ਲੱਖ ਰੁਪਏ ਪ੍ਰਤੀ ਸਾਲ ਤੱਕ ਕੈਸ਼ਲੈੱਸ ਇਲਾਜ ਲਾਭ ਦੀ ਸਹੂਲਤ ਪ੍ਰਦਾਨ ਕਰਨ ਲਈ ਪਹਿਲੀ ਜਨਵਰੀ, 2019 ਤੋਂ ਹਿਮਕੇਅਰ ਨਾਮਕ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਸੀ। ਹਿਮਾਚਲ ਪ੍ਰਦੇਸ਼ ਤੋਂ ਹਰ ਸਾਲ ਔਸਤਨ 4000 ਮਰੀਜ਼ ਪੀ. ਜੀ. ਆਈ. ’ਚ ਯੋਜਨਾ ਅਧੀਨ ਇਲਾਜ ਦਾ ਲਾਭ ਲੈ ਸਕਣਗੇ। ਇਸ ਸਕੀਮ ਅਧੀਨ ਸਾਰੀ ਪ੍ਰਕਿਰਿਆ ਬਹੁਤ ਗੁੰਝਲਦਾਰ ਸੀ ਅਤੇ ਇਸ ’ਚ ਘੱਟੋ-ਘੱਟ 4-5 ਮਹੀਨੇ ਦਾ ਸਮਾਂ ਲੱਗਦਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਅਤੇ ਹਿਮਕੇਅਰ ਦੇ ਲਾਭਪਾਤਰੀਆਂ ਦੇ ਲਾਭ ਲਈ ਪੀ. ਜੀ. ਆਈ. ਚੰਡੀਗੜ੍ਹ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੀ ਤਰਜ਼ ’ਤੇ ਕੈਸ਼ਲੈੱਸ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਦੇ ਲਗਭਗ 5 ਹਜ਼ਾਰ ਮਰੀਜ਼ਾਂ ਨੂੰ ਸਾਲਾਨਾ ਆਧਾਰ ’ਤੇ ਲਾਭ ਮਿਲੇਗਾ। ਹਿਮਾਚਲ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਰਾਏ ਨੇ ਕਿਹਾ ਕਿ ਹੁਣ ਇਲਾਜ ਤੋਂ ਪਹਿਲਾਂ ਇਲਾਜ ਦਾ ਅਨੁਮਾਨ ਸਰਟੀਫਿਕੇਟ ਜਾਂ ਬਿੱਲ ਪ੍ਰਾਪਤ ਕਰਨ ਅਤੇ ਜਮ੍ਹਾਂ ਕਰਾਉਣ ਦੀ ਕੋਈ ਲੋੜ ਨਹੀਂ ਹੋਵੇਗੀ। ਲਾਭਪਾਤਰੀ ਨੂੰ ਇਲਾਜ ਲਈ ਕਾਊਂਟਰ ’ਤੇ ਸਿਰਫ ਹਿਮਕੇਅਰ ਕਾਰਡ ਜਮ੍ਹਾਂ ਕਰਨਾ ਹੋਵੇਗਾ ਅਤੇ ਪੀ. ਜੀ. ਆਈ. ਵਲੋਂ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਹਿਮਾਚਲ ਪ੍ਰਦੇਸ਼ ਰਾਜ ਸਰਕਾਰ ਪਹਿਲਾਂ ਹੀ ਯੋਜਨਾਬਧ ਪੈਕੇਜ ਦਰਾਂ ਦੇ ਆਧਾਰ ’ਤੇ ਪੀ. ਜੀ. ਆਈ. ਚੰਡੀਗੜ੍ਹ ਨੂੰ ਰਾਸ਼ੀ ਦੀ ਭਰਪਾਈ ਕਰੇਗੀ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ’ਚ ਮੋਹਰੀ ਮਲੋਟ ਦਾ ਇਹ ਹਸਪਤਾਲ, ਮਿਲਿਆ ‘ਏ’ ਗ੍ਰੇਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

Anuradha

This news is Content Editor Anuradha