ਹੁਣ ਕੋਚਾਂ ਦੀ ਸ਼ਾਮਤ!

12/29/2017 1:00:30 AM

ਪਟਿਆਲਾ (ਪ੍ਰਤਿਭਾ)— ਸਵੇਰ-ਸ਼ਾਮ ਗਰਾਊਂਡ ਵਿਚ ਕੁਰਸੀ 'ਤੇ ਬੈਠ ਕੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਵਾਲੇ ਕੋਚਾਂ ਅਤੇ ਡੀ. ਪੀ. ਈਜ਼ 'ਤੇ ਸਰਕਾਰ ਦਾ ਪੂਰਾ ਕੰਟਰੋਲ ਰਹੇਗਾ। ਇਨ੍ਹਾਂ ਦੇ ਪ੍ਰਦਰਸ਼ਨ 'ਤੇ ਅੱਜ ਖਾਸ ਨਜ਼ਰ ਰੱਖੀ ਜਾਵੇਗੀ । ਇਹ ਵਿਚਾਰ ਡਾਇਰੈਕਟਰ ਸਪੋਰਟਸ ਪੰਜਾਬ ਅੰਮ੍ਰਿਤ ਕੌਰ ਗਿੱਲ ਨੇ ਅੱਜ ਇਥੇ ਪੋਲੋ ਗਰਾਊਂਡ ਵਿਚ ਖਾਸ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਵਿਭਾਗ ਕੋਚਾਂ ਅਤੇ ਫਿਜ਼ੀਕਲ ਅਧਿਆਪਕਾਂ ਦੇ ਐੱਨ. ਆਈ. ਐੱਸ. ਵਿਚ ਖਾਸ ਰਿਫਰੈਸ਼ਰ ਕੋਰਸ ਵੀ ਕਰਵਾਏ ਜਾਣਗੇ ਤਾਂ ਕਿ ਖੇਡ ਅਤੇ ਖਿਡਾਰੀਆਂ ਦੇ ਬੁਨਿਆਦੀ ਢਾਂਚੇ ਨੂੰ ਉੱਪਰ ਚੁੱਕਿਆ ਜਾ ਸਕੇ। ਖੇਡ ਨੀਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਇਸਨੂੰ ਤਿਆਰ ਕਰਨ ਵਿਚ ਲੱਗੀ ਹੈ। ਇਸ ਵਾਸਤੇ ਕਾਫੀ ਰਿਸਰਚ ਹੋ ਰਹੀ ਹੈ ਕਿਉਂਕਿ ਜਲਦਬਾਜ਼ੀ ਵਿਚ ਕੋਈ ਵੀ ਨੀਤੀ ਤਿਆਰ ਨਹੀਂ ਕਰਨੀ ਚਾਹੀਦੀ। ਪਿਛਲੀ ਸਰਕਾਰ ਦੀ ਤਿਆਰ ਕੀਤੀ ਨੀਤੀ ਵਿਚ ਜੋ ਵੀ ਚੰਗੀਆਂ ਸਿਫਾਰਸ਼ਾਂ ਹਨ, ਉਨ੍ਹਾਂ ਨੂੰ ਇਸ ਵਿਚ ਜ਼ਰੂਰ ਸ਼ਾਮਲ ਕੀਤਾ ਜਾਵੇਗਾ। 
ਪਟਿਆਲਾ ਵਿਚ ਬਣ ਰਹੀ ਸਪੋਰਟਸ ਯੂਨੀਵਰਸਿਟੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਰਾਜਾ ਰਣਧੀਰ ਸਿੰਘ ਦੀ ਅਗਵਾਈ ਹੇਠ ਕਮੇਟੀ ਸਥਾਪਤ ਹੋ ਚੁੱਕੀ ਹੈ। ਹਾਲੇ ਪੂਰਾ ਧਿਆਨ ਇਨਫਰਾਸਟ੍ਰੱਕਚਰ ਤੋਂ ਪਹਿਲ ਕਰੀਕੁਲਮ (ਸਿਲੇਬਸ) ਅਤੇ ਤਜਰਬੇਕਾਰ ਫੈਕਲਟੀ ਰੱਖਣ 'ਤੇ ਹੈ।