ਹੁਣ ਸੋਖਾ ਨਹੀਂ ਹੋਵੇਗਾ M.Tech ਕਰਨਾ, 10 ਗੁਣਾ ਫੀਸ ਵਧਾਉਣ ਦੀ ਤਿਆਰੀ 'ਚ ਸਰਕਾਰ

10/01/2019 9:04:00 PM

ਲੁਧਿਆਣਾ (ਵਿੱਕੀ)-ਦੇਸ਼ ਦੀਆਂ 23 ਆਈ. ਆਈ. ਟੀਜ਼ ਤੋਂ ਮਾਸਟਰ ਆਫ ਟੈਕਨਾਲੋਜੀ (ਐੱਮ. ਟੈੱਕ) ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਜੇਬ 'ਤੇ ਅਗਲੇ ਸਾਲ ਤੋਂ ਭਾਰ ਵਧੇਗਾ ਕਿਉਂਕਿ ਆਈ. ਆਈ. ਟੀ. ਨੇ ਇਸ ਕੋਰਸ ਦੀ ਫੀਸ 'ਚ ਲਗਭਗ 10 ਗੁਣਾ ਤੱਕ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। 2020 'ਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਦੇ ਇਸ ਕੋਰਸ 'ਚ 3 ਸਾਲ ਦੀ ਫੀਸ ਨੂੰ ਵਧਾ ਕੇ ਬੀ. ਟੈੱਕ ਦੀ ਫੀਸ ਦੇ ਸਮਾਨ ਮਤਲਬ 2 ਲੱਖ ਰੁਪਏ ਪ੍ਰਤੀ ਸਾਲ ਤੱਕ ਕੀਤਾ ਜਾ ਰਿਹਾ ਹੈ। ਹੁਣ ਤੱਕ ਇਹ ਫੀਸ ਵੱਖ-ਵੱਖ ਆਈ. ਆਈ. ਟੀਜ਼ 'ਚ 10 ਤੋਂ 20 ਹਜ਼ਾਰ ਤੱਕ ਸੀ। ਫੀਸ ਵਾਧੇ ਸਬੰਧੀ ਫੈਸਲਾ ਪਿਛਲੇ ਦਿਨੀਂ ਆਈ. ਆਈ. ਟੀਜ਼ ਕਾਊਂਸਲ ਦੀ ਬੈਠਕ ਦੌਰਾਨ ਹੋ ਵੀ ਚੁੱਕਾ ਹੈ ਹਾਲਾਂਕਿ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ 'ਤੇ ਵੀ ਫੀਸ ਵਾਧੇ ਦਾ ਬੋਝ ਪਵੇਗਾ ਪਰ ਜੋ ਵਿਦਿਆਰਥੀ ਪਹਿਲਾਂ ਤੋਂ ਹੀ ਐੱਮ. ਟੈੱਕ ਦੀ ਪੜ੍ਹਾਈ ਆਈ. ਆਈ. ਟੀਜ਼ 'ਚ ਕਰ ਰਹੇ ਹਨ ਉਨ੍ਹਾਂ 'ਤੇ ਫੈਸਲਾ ਲਾਗੂ ਨਹੀਂ ਹੋਵੇਗਾ। ਉਥੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ 12,400 ਰੁਪਏ ਦੇ ਸਟਾਈਪੈਂਡ ਨੂੰ ਖਤਮ ਕਰਨ ਦਾ ਵੀ ਸੁਝਾਅ ਦਿੱਤਾ ਗਿਆ ਹੈ।

7 ਆਈ. ਆਈ. ਟੀਜ਼ 'ਚ ਐੱਮ. ਟੈੱਕ ਕਰ ਰਹੇ 14 ਹਜ਼ਾਰ ਵਿਦਿਆਰਥੀ
ਦੱਸਣਯੋਗ ਹੈ ਕਿ ਕੁਲ 23 ਆਈ. ਆਈ. ਟੀਜ਼ 'ਚੋਂ 7 ਪੁਰਾਣੀਆਂ ਆਈ. ਆਈ. ਟੀਜ਼ 'ਚ ਲਗਭਗ 14,000 ਐੱਮ. ਟੈੱਕ ਵਿਦਿਆਰਥੀ ਹਨ। ਇਕ ਸੂਚਨਾ ਮੁਤਾਬਕ 2019 'ਚ ਐਂਟਰੈਂਸ ਟੈਸਟ ਦੇ ਨਤੀਜੇ 'ਤੇ 9200 ਦੇ ਲਗਭਗ ਵਿਦਿਆਰਥੀਆਂ ਨੂੰ ਐੱਮ. ਟੈੱਕ ਪਹਿਲੇ ਸਾਲ 'ਚ ਦਾਖਲਾ ਦਿੱਤਾ ਗਿਆ ਹੈ। ਮੀਟਿੰਗ ਐੱਚ. ਆਰ. ਡੀ. ਮਨਿਸਟਰ ਰਮੇਸ਼ ਪੋਖਰੀਆਲ ਨਿਸ਼ੰਕ ਦੀ ਅਗਵਾਈ 'ਚ ਹੋਈ ਸੀ। ਜਿਸ 'ਚ ਨਵੇਂ ਪ੍ਰੋਫੈਸਰਾਂ ਦਾ ਭਾਗ ਤੈਅ ਹੋਵੇਗਾ ਕਿ ਉਨ੍ਹਾਂ ਦੀ ਨੌਕਰੀ ਅੱਗੇ ਜਾਰੀ ਰਹੇਗੀ ਜਾਂ ਨਹੀਂ।

ਸਟਾਈਪੈਂਡ ਨੂੰ ਬੰਦ ਕਰਨ ਦਾ ਸੁਝਾਅ
ਐਂਟਰੈਂਸ ਟੈਸਟ ਸਕੋਰ ਦੇ ਆਧਾਰ 'ਤੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਹਰ ਮਹੀਨੇ ਮਿਲਦਾ ਹੈ 12,400 ਰੁਪਏ ਦਾ ਸਟਾਈਪੈਂਡ
ਸੁਝਾਅ ਦਿੱਤਾ ਗਿਆ ਹੈ ਕਿ ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਡਾਇਰੈਕਟਰ ਬੈਨੇਫਿਟ ਟਰਾਂਸਫਰ ਜਾਂ ਐਜੂਕੇਸ਼ਨਲ ਲੋਨ ਦੇ ਜ਼ਰੀਏ ਕੀਤੀ ਜਾਵੇ।
ਪ੍ਰੋਫੈਸਰਾਂ ਦੀ ਸਮੀਖਿਆ ਲਈ ਟਨਿਓਰ ਟਰੈਕ ਸਿਸਟਮ ਨੂੰ ਮਨਜ਼ੂਰੀ
ਕੌਸਲ ਦੀ ਮੀਟਿੰਗ 'ਚ ਟਨਿਓਰ ਟਰੈਕ ਸਿਸਟਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਆਧਾਰ 'ਤੇ ਨਵੇਂ ਪ੍ਰੋਫੈਸਰਾਂ ਦੇ ਪਰਫਾਰਮੈਂਸ ਦੀ ਹਰ 5 ਸਾਲ 'ਚ ਸਮੀਖਿਆ ਹੋਵੇਗੀ। ਇਸ ਲਈ ਸੇਵਾ ਦੇ ਆਧਾਰ 'ਤੇ ਪ੍ਰੋਫੈਸਰਾਂ ਦੇ ਕਾਰਜ ਦਾ ਮੁੱਲਾਂਕਣ ਹੋਵੇਗਾ। ਇਸ ਮੁੱਲਾਂਕਣ ਦੇ ਆਧਾਰ 'ਤੇ ਨਵੇਂ ਪ੍ਰੋਫੈਸਰਾਂ ਦਾ ਅਸੋਸੀਏਟ ਪ੍ਰੋਫੈਸਰਾਂ ਦੇ ਤੌਰ 'ਤੇ ਪ੍ਰਮੋਸ਼ਨ ਹੋਵੇਗੀ ਜਾਂ ਫਿਰ ਉਨ੍ਹਾਂ ਨੂੰ ਆਈ. ਆਈ. ਟੀ. ਛੱਡਣ ਲਈ ਵੀ ਕਿਹਾ ਜਾ ਸਕਦਾ ਹੈ।

ਹੁਣ ਪ੍ਰਤੀ ਸਮੈਸਟਰ ਕਿੰਨੀ ਹੈ ਐੱਮ. ਟੈੱਕ ਦੀ ਟਿਊਸ਼ਨ ਫੀਸ
ਆਈ. ਆਈ. ਟੀ. ਮੁੰਬਈ 'ਚ 5000 ਰੁਪਏ
ਆਈ. ਆਈ. ਟੀ. ਦਿੱਲੀ 'ਚ 10000 ਰੁਪਏ
ਆਈ. ਆਈ. ਟੀ. ਮਦਰਾਸ 'ਚ 5000 ਰੁਪਏ
ਆਈ. ਆਈ. ਟੀ. ਖੜਗਪੁਰ ਪਹਿਲੇ ਸਮੈਸਟਰ ਦੀ ਫੀਸ 25,950 ਰੁਪਏ 'ਚੋਂ 6000 ਰੀਫੰਡ
ਜੇ. ਈ. ਈ. ਮੇਨਜ਼ ਦੀ ਬਜਾਏ ਸਿੱਧੇ ਐਡਵਾਂਸ ਦੀ ਅਡਮਿਸ਼ਨ ਵਧਾਉਣ ਲਈ ਵੀ ਕੇਂਦਰ ਸਰਕਾਰ ਨੇ ਕਦਮ ਵਧਾਏ ਹਨ। ਇਸ ਲੜੀ 'ਚ ਹੁਣ ਆਈ. ਆਈ. ਟੀ. ਕੌਂਸਲ ਦੀ ਹੋਈ ਬੈਠਕ 'ਚ ਫੈਸਲਾ ਲਿਆ ਗਿਆ ਹੈ ਕਿ ਆਈ. ਆਈ. ਟੀਜ਼ 'ਚ ਦਾਖਲਾ ਲੈਣ ਦੇ ਇਛੁੱਕ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਜੇ. ਈ. ਈ. ਮੇਨਜ਼ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ, ਸਗੋਂ ਇਹ ਵਿਦਿਆਰਥੀ ਸਿੱਧੇ ਐਡਵਾਂਸ 'ਚ ਅਪੀਅਰ ਹੋ ਸਕਣਗੇ। ਫੈਸਲੇ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਤੋਂ ਇਲਾਵਾ ਓ. ਸੀ. ਆਈ. (ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ) ਕਾਰਡ ਧਾਰਕਾਂ ਨੂੰ ਇਸ 'ਚ ਛੋਟ ਮਿਲੇਗੀ।

Karan Kumar

This news is Content Editor Karan Kumar