ਮਾਣਹਾਨੀ ਮਾਮਲੇ ''ਚ ਸਤਵਿੰਦਰ ਬਿੱਟੀ ਨੂੰ ਨੋਟਿਸ ਜਾਰੀ

11/15/2017 6:49:48 AM

ਮਾਛੀਵਾੜਾ ਸਾਹਿਬ  (ਟੱਕਰ, ਸਚਦੇਵਾ)  - ਪੰਜਾਬੀ ਲੋਕ ਗਾਇਕਾ ਅਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਵਾਲੀ ਸਤਵਿੰਦਰ ਕੌਰ ਬਿੱਟੀ ਦੀਆਂ ਸਥਾਨਕ ਅਨਾਜ ਮੰਡੀ ਅੰਦਰ ਐੱਸ. ਡੀ. ਐੱਮ. ਦੀ ਕੁਰਸੀ ਉਪਰ ਬੈਠਣ ਦੇ ਮਾਮਲੇ ਵਿਚ ਮੁਸ਼ਕਿਲਾਂ ਘੱਟ ਹੁੰਦੀਆਂ ਨਹੀਂ ਜਾਪ ਰਹੀਆਂ ਕਿਉਂਕਿ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀ ਸਮਾਜ ਸੇਵਿਕਾ ਹਰਜਿੰਦਰ ਕੌਰ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਜਿਥੇ ਇਸ ਮਾਮਲੇ 'ਚ ਥਾਣਾ ਸਾਹਨੇਵਾਲ ਦੇ ਮੁਖੀ ਨੂੰ 16 ਨਵਬੰਰ ਨੂੰ ਪੇਸ਼ ਹੋਣ ਲਈ ਕਿਹਾ ਹੈ, ਉਸ ਦੇ ਨਾਲ ਹੀ ਮਾਣਹਾਨੀ ਦੇ ਮਾਮਲੇ 'ਚ ਸਤਵਿੰਦਰ ਬਿੱਟੀ ਨੂੰ ਆਪਣਾ ਪੱਖ ਰੱਖਣ ਲਈ 8 ਦਸੰਬਰ ਦਾ ਨੋਟਿਸ ਵੀ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕਾ ਨੇ ਮੁਲਾਜ਼ਮ ਵਰਗ 'ਤੇ ਆਪਣਾ ਸਿਆਸੀ ਦਬਾਅ ਪਾਉਣ ਦੇ ਮਕਸਦ ਨਾਲ ਪੀ. ਸੀ. ਐੱਸ. ਅਧਿਕਾਰੀ ਦੀ ਕੁਰਸੀ 'ਤੇ ਬੈਠ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਸਤਵਿੰਦਰ ਬਿੱਟੀ ਖਿਲਾਫ ਕੇਸ ਦਾਇਰ ਕੀਤਾ ਤਾਂ ਉਨ੍ਹਾਂ ਨੇ ਅਖਬਾਰਾਂ ਵਿਚ ਮੇਰੇ ਉਪਰ ਬਲੈਕਮੇਲ ਕਰਨ ਦੇ ਦੋਸ਼ ਲਾਏ ਸਨ। ਇਸ ਲਈ ਮੈਂ ਬਿੱਟੀ ਖਿਲਾਫ 10 ਲੱਖ ਰੁਪਏ ਮਾਣਹਾਨੀ ਦਾ ਕੇਸ ਕੀਤਾ ਹੈ ਅਤੇ ਅਦਾਲਤ ਨੇ 8 ਦਸਬੰਰ ਨੂੰ ਬਿੱਟੀ ਨੂੰ ਨੋਟਿਸ ਜਾਰੀ ਕੀਤਾ ਹੈ। ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਉਸ ਸਮੇਂ ਬਿੱਟੀ ਨੇ ਇਕ ਸਟੇਜ ਦਾ 2 ਲੱਖ ਲੈਣ ਦਾ ਦਾਅਵਾ ਕੀਤਾ ਸੀ, ਉਸ ਸਬੰਧ ਵਿਚ ਵੀ ਇਨਕਮ ਟੈਕਸ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਜਾਂਚ ਕੀਤੀ ਜਾਵੇ ਕਿ ਬਿੱਟੀ ਸਾਲ ਵਿਚ ਕਿੰਨੇ ਸਟੇਜ ਸ਼ੋਅ ਕਰਦੀ ਹੈ ਅਤੇ ਕੀ ਉਸ ਦਾ ਟੈਕਸ ਸਰਕਾਰ ਨੂੰ ਅਦਾ ਕਰਦੀ ਹੈ ਜਾਂ ਨਹੀ? ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਬਿੱਟੀ ਦੇ ਕੁਝ ਸਾਥੀ ਉਸ ਨੂੰ ਧਮਕੀਆਂ ਦੇ ਰਹੇ ਹਨ ਅਤੇ ਫੈਸਲਾ ਕਰਨ ਦਾ ਦਬਾਅ ਪਾ ਰਹੇ ਹਨ ਪਰ ਜਦੋਂ ਤੱਕ ਸਤਵਿੰਦਰ ਕੌਰ ਬਿੱਟੀ ਜਨਤਕ ਤੌਰ 'ਤੇ ਆਪਣੀ ਗਲਤੀ ਲਈ ਮੁਆਫ਼ੀ ਨਹੀਂ ਮੰਗ ਲੈਂਦੀ, ਉਸ ਸਮੇਂ ਤੱਕ ਉਹ ਕਾਨੂੰਨ ਮੁਤਾਬਕ ਲੜਾਈ ਲੜਦੀ ਰਹੇਗੀ।