ਚੰਡੀਗੜ੍ਹ ''ਚ ਆਪਣੀ ਜ਼ਮੀਨ ''ਤੇ ''ਨੋ ਪਾਰਕਿੰਗ'' ਬੋਰਡ ਲਾਵੇਗਾ ਨਿਗਮ

07/18/2018 1:53:52 PM

ਚੰਡੀਗੜ੍ਹ (ਰਾਏ) : ਸ਼ਹਿਰ 'ਚ ਨਾਜਇਜ਼ ਪਾਰਕ ਕੀਤੇ ਵਾਹਨਾਂ ਦੇ ਰਿਕਾਰਡ ਤੋੜਨ ਚਲਾਨ ਰਕਨ ਤੋਂ ਬਾਅਦ ਨਿਗਮ ਦਾ ਇੰਫੋਰਸਮੈਂਟ ਵਿੰਗ ਇਨ੍ਹੀਂ ਦਿਨੀਂ ਸ਼ਾਂਤ ਬੈਠਾ ਹੈ। ਇਸ ਸ਼ਾਂਤੀ ਦਾ ਕਾਰਨ ਹੈ ਕਿ ਵਿੰਗ ਦੇ ਅਧਿਕਾਰੀ ਸ਼ਹਿਰ  'ਚ 'ਨੋ ਪਾਰਕਿੰਗ ਬੋਰਡ' ਲਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਬੋਰਡ ਲੱਗਣ ਤੋਂ ਬਾਅਦ ਹੀ ਦੁਬਾਰਾ ਉਹ ਹਰਕਤ 'ਚ ਆਉਣਗੇ।
ਲੋਕਾਂ ਦੀਆਂ ਨਿਗਮ ਕੋਲ ਸ਼ਿਕਾਇਤਾਂ ਆ ਰਹੀਆਂ ਸਨ ਕਿ ਨਗਰ ਨਿਗਮ ਦਾ ਇੰਫੋਰਸਮੈਂਟ ਵਿੰਗ ਬਿਨਾਂ ਕਾਰਨ ਲੋਕਾਂ ਦੇ ਵਾਹਨ ਚੁੱਕ ਰਿਹਾ ਹੈ। ਜਿੱਥੋਂ ਵਾਹਨ ਚੁੱਕੇ ਜਾ ਰਹੇ ਹਨ, ਉੱਥੇ ਕੋਈ ਵੀ ਨੋ ਪਾਰਕਿੰਗ ਦਾ ਬੋਰਡ ਨਹੀਂ ਲਾਇਆ ਗਿਆ ਹੈ। ਲੋਕਾਂ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਨਗਰ ਨਿਗਮ ਦੇ ਆਲਾ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਸ਼ਹਿਰ ਭਰ 'ਚ ਨਗਰ ਨਿਗਮ ਆਪਣੀ ਜ਼ਮੀਨ 'ਤੇ 'ਨੋ ਪਾਰਕਿੰਗ' ਦੇ ਬੋਰਡ ਲਾਵੇਗਾ। 
ਇਸ ਤੋਂ ਬਾਅਦ ਜੇਕਰ ਲੋਕਾਂ ਨੇ ਬੋਰਡ ਲੱਗੀਆਂ ਥਾਵਾਂ 'ਤੇ ਵਾਹਨ ਪਾਰਕ ਕੀਤੇ ਤਾਂ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਨਿਗਮ ਦੇ ਆਲਾ ਅਧਿਕਾਰੀਆਂ ਨੇ ਇੰਜੀਨੀਅਰਿੰਗ ਵਿਭਾਗ ਨੂੰ ਸ਼ਹਿਰ ਭਰ 'ਚ ਅਜਿਹੀਆਂ ਪਾਰਕਿੰਗ ਥਾਵਾਂ ਦੀ ਪਛਾਣ ਕਰਨ ਲਈ ਕਿਹਾ ਹੈ।