ਨਹੀਂ ਮਿਲੀ ਤਨਖਾਹ, ਫਾਕੇ ਕੱਟ ਰਹੇ ਨੇ ਜਲ ਸਰੋਤ ਮੁਲਾਜ਼ਮ

02/17/2018 2:42:25 AM

ਹੁਸ਼ਿਆਰਪੁਰ, (ਘੁੰਮਣ)- ਜਨਵਰੀ ਮਹੀਨੇ ਦੀ ਤਨਖਾਹ ਅਜੇ ਤੱਕ ਨਾ ਮਿਲਣ ਤੋਂ ਗੁੱਸੇ 'ਚ ਆਏ ਜਲ ਸਰੋਤ ਕਰਮਚਾਰੀਆਂ ਨੇ ਐਕਸ਼ਨ ਕਮੇਟੀ ਦੇ ਸੂਬਾ ਸਕੱਤਰ ਸਤੀਸ਼ ਰਾਣਾ ਦੀ ਅਗਵਾਈ 'ਚ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। 
ਇਸ ਮੌਕੇ ਆਗੂਆਂ ਨੇ ਕਿਹਾ ਕਿ 16 ਦਿਨ ਬੀਤ ਜਾਣ ਉਪਰੰਤ ਵੀ ਤਨਖਾਹ ਨਹੀਂ ਮਿਲੀ ਜਿਸ ਕਾਰਨ ਮੁਲਾਜ਼ਮ ਫਾਕੇ ਕੱਟਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਮੁਲਾਜ਼ਮਾਂ ਨੂੰ ਆਰਥਿਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੀ ਹੈ।
ਇਸ ਸਮੇਂ ਸਤੀਸ਼ ਰਾਣਾ ਨੇ ਕਿਹਾ ਕਿ ਇਕ ਪਾਸੇ ਤਨਖਾਹ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਜਾਇਜ਼ ਮੰਗਾਂ ਨੂੰ ਵੀ ਲਟਕਾਇਆ ਜਾ ਰਿਹਾ ਹੈ। ਮੁਲਾਜ਼ਮਾਂ ਤੋਂ ਨਾਜਾਇਜ਼ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਨਵੇਂ ਭਰਤੀ ਮੁਲਾਜ਼ਮਾਂ ਦਾ ਪ੍ਰੋਵੇਸ਼ਨ ਪੀਰੀਅਡ 3 ਸਾਲ ਤੋਂ 2 ਸਾਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਰਾਮ ਸਿੰਘ, ਹਰੀ ਕ੍ਰਿਸ਼ਨ, ਪ੍ਰੇਮ ਚੰਦ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਸੁਖਰਾਜ, ਪਰਮਜੀਤ ਸਿੰਘ ਸੰਘਾ ਆਦਿ ਨੇ ਵੀ ਸੰਬੋਧਨ ਕੀਤਾ।