ਨਾ ਮੈਡੀਸਨ ਸਪੈਸ਼ਲਿਸਟ ਤੇ ਨਾ ਅੈਮਰਜੈਂਸੀ ਮੈਡੀਕਲ ਅਫਸਰ, ਖਮਿਆਜ਼ਾ ਭੁਗਤ ਰਹੇ ਮਰੀਜ਼

08/27/2018 1:55:24 AM

 ਮੋਗਾ, (ਸੰਦੀਪ)- ਬੇਸ਼ੱਕ ਸਰਕਾਰੀ ਹਸਪਤਾਲਾਂ ’ਚ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ  ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ  ਦਾਅਵੇ ਕੀਤੇ ਜਾਂਦੇ ਹਨ  ਪਰ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਇਨ੍ਹਾਂ ਦਾਅਵਿਆਂ ਦੇ ਉਲਟ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਇੱਥੇ ਐਮਰਜੈਂਸੀ ਵਾਰਡ  ਈ. ਐੱਮ. ਓਜ਼. ਦੀ ਘਾਟ ਨਾਲ ਜੂਝ ਰਿਹਾ ਹੈ। ਸਥਿਤੀ ਇਹ ਹੈ ਕਿ ਇਸ ਵਾਰਡ ਵਿਚ 6 ਦੀ ਜਗ੍ਹਾ ਇਕ ਹੀ ਐਮਰਜੈਂਸੀ ਮੈਡੀਕਲ ਅਫਸਰ ਦੀ ਤਾਇਨਾਤੀ ਹੈ, ਜਿਸ ਕਾਰਨ ਸਪੈਸ਼ਲਿਸਟ ਦੀ ਡਿਊਟੀ ਲਾ ਕੇ ਕੰਮ ਚਲਾਇਆ ਜਾ ਰਿਹਾ ਹੈ। ਗੰਭੀਰ ਬੀਮਾਰੀਆਂ ਨਾਲ ਪੀਡ਼ਤਾਂ ਦੇ ਇਲਾਜ ਲਈ ਹਸਪਤਾਲ ’ਚ ਇਕ ਵੀ ਮੈਡੀਕਲ ਸਪੈਸ਼ਲਿਸਟ ਮਾਹਰ ਦੀ ਤਾਇਨਾਤੀ ਹੀ ਨਹੀਂ ਹੈ, ਜਿਸ ਕਾਰਨ ਐਮਰਜੈਂਸੀ ਵਾਰਡ ਰੈਫਰਲ ਵਾਰਡ ਬਣ ਕੇ ਹੀ ਰਹਿ ਗਿਆ ਹੈ। ਬੇਸ਼ੱਕ ਹਸਪਤਾਲ ਪ੍ਰਬੰਧਕਾਂ ਵੱਲੋਂ ਐਮਰਜੈਂਸੀ ’ਚ ਹਸਪਤਾਲ ’ਚ ਤਾਇਨਾਤ ਸਪੈਸ਼ਲਿਸਟ ਮਾਹਰਾਂ ਦੀ ਡਿਊਟੀ ਲਾ ਕੇ ਮਰੀਜ਼ਾਂ ਨੂੰ ਸੁਵਿਧਾ ਦੇਣ ਦਾ ਯਤਨ ਕੀਤਾ ਜਾਂਦਾ ਹੈ ਪਰ ਪ੍ਰਬੰਧਕਾਂ ਦਾ ਇਹ ਯਤਨ ਰੋਜ਼ਾਨਾ ਓ. ਪੀ. ਡੀ. ’ਚ ਜ਼ਿਲੇ ਦੇ ਦੂਰ-ਦੁਰਾਡੇ ਪਿੰਡਾਂ ਤੋਂ  ਆਉਣ  ਵਾਲੇ ਮਰੀਜ਼ਾਂ ’ਤੇ ਭਾਰੀ ਪੈ ਰਿਹਾ ਹੈ।
 ਇਥੇ ਤਾਇਨਾਤ ਇਕੋ-ਇਕ ਐੱਮ. ਡੀ. ਮੈਡੀਸਨ ਡਾ. ਇਸ਼ਾਨ ਸ਼ਰਮਾ ਦਾ  ਵਿਭਾਗ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੇ ਬਾਅਦ ਇਥੋਂ ਦੇ ਹਾਲਾਤ  ਹੋਰ  ਵੀ ਬਦਤਰ ਹੋ ਚੁੱਕੇ ਹਨ। ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ-ਮੰਤਰੀ ਹੈਪੇਟਾਈਟਸ ਸੀ ਮੁਫਤ ਇਲਾਜ ਯੋਜਨਾ, ਗੁਰਦਿਆਂ ਦੀ ਬੀਮਾਰੀ ਨਾਲ ਪੀਡ਼ਤ ਮਰੀਜ਼ਾਂ  ਲਈ ਸਥਾਪਿਤ ਡਾਇਲਾਸਿਸ ਸੈਂਟਰ ਦੇ ਮਰੀਜ਼, ਮੈਡੀਕਲ ਵਾਰਡ ’ਚ ਭਰਤੀ ਗੰਭੀਰ ਬੀਮਾਰੀਆਂ ਨਾਲ ਪੀਡ਼ਤ ਮਰੀਜ਼, ਐਮਰਜੈਂਸੀ ਵਾਰਡ ਅਤੇ ਓ. ਪੀ. ਡੀ. ’ਚ ਦੂਰ-ਦੁਰਾਡੇ ਪਿੰਡਾਂ ਤੋਂ ਪਹੁੰਚਣ ਵਾਲੇ ਮਰੀਜ਼ ਵੀ ਇਲਾਜ ਲਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ। 
3 ਮਹੀਨਿਆਂ ’ਚ 300 ਤੋਂ ਵੀ ਜ਼ਿਆਦਾ ਮਰੀਜ਼ ਕੀਤੇ ਜਾ ਚੁੱਕੇ ਹਨ ਰੈਫਰ
 ਐਮਰਜੈਂਸੀ ਵਾਰਡ ’ਚ ਡਾਕਟਰਾਂ ਦੀ ਭਾਰੀ ਘਾਟ ਕਾਰਨ ਜ਼ਿਲੇ ਦੇ ਵੱਖ-ਵੱਖ ਦੂਸਰੇ ਸ਼ਹਿਰਾਂ ਵਿਚ ਸਥਿਤ ਮੈਡੀਕਲ ਕਾਲਜਾਂ ’ਚ ਰੈਫਰ ਕੀਤੇ ਜਾ ਰਹੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹੀ ਨਹੀਂ ਕਈ ਵਾਰ ਤਾਂ ਗੰਭੀਰ ਮਰੀਜ਼ਾਂ ਨੂੰ ਰਸਤੇ ਵਿਚ ਹੀ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ। ਹਸਪਤਾਲ ਦੇ ਪਿਛਲੇ ਤਿੰਨ ਮਹੀਨੇ ਤੋਂ ਰਿਕਾਰਡ ਅੰਕਡ਼ੇ ਦੇ ਮੁਤਾਬਕ ਇਸ ਦੌਰਾਨ 300 ਤੋਂ ਵੀ ਜ਼ਿਆਦਾ ਮਰੀਜ਼ਾਂ ਨੂੰ ਇੱਥੋਂ ਦੂਸਰੇ ਸ਼ਹਿਰਾਂ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ’ਚ ਰੈਫਰ ਕੀਤਾ ਜਾ ਚੁੱਕਾ ਹੈ। 
ਡੇਂਗੂ, ਮਲੇਰੀਆ ਤੇ ਡਾਇਰੀਆ ਦਾ ਖਤਰਾ, ਜੇਕਰ ਸਥਿਤੀ ਵਿਗਡ਼ੀ ਤਾਂ ਕਿਵੇਂ ਸੰਭਾਲੇਗਾ ਵਿਭਾਗ ?
 ਬਰਸਾਤਾਂ ਦੇ ਇਨ੍ਹਾਂ  ਦਿਨਾਂ  ’ਚ ਡੇਂਗੂ, ਮਲੇਰੀਆ ਤੇ ਡਾਇਰੀਆ ਆਦਿ  ਬੀਮਾਰੀਆਂ ਦੇ ਫੈਲਣ ਦਾ ਖਤਰਾ ਵੀ ਵਧ ਜਾਂਦਾ ਹੈ, ਸਿਹਤ ਵਿਭਾਗ ਦੇ ਜ਼ਿਲਾ ਪੱਧਰੀ ਹਸਪਤਾਲ ਦੇ ਇਸ ਹਾਲਾਤ ਨੂੰ ਦੇਖ ਕੇ  ਜ਼ਿਲਾ  ਵਾਸੀਆਂ ਦੇ ਮਨਾਂ ’ਚ ਸਵਾਲ ਖਡ਼੍ਹੇ ਹੋ ਰਹੇ ਹਨ, ਜੇਕਰ ਕੋਈ ਵੀ ਮਹਾਮਾਰੀ ਦੀ ਗੰਭੀਰ ਸਥਿਤੀ ਪੈਦਾ ਹੁੰਦੀ ਹੈ ਤਾਂ ਬਿਨਾਂ  ਮੈਡੀਸਨ ਸਪੈਸ਼ਲਿਸਟ ਡਾਕਟਰਾਂ ਦੇ ਵਿਭਾਗ ਸਥਿਤੀ ਨੂੰ ਕਿਵੇਂ ਸੰਭਾਲੇਗਾ।
 ਡੇਂਗੂ ਦੀ ਪੁਸ਼ਟੀ ਲਈ ਸਿਵਲ ਹਸਪਤਾਲ ਤੋਂ ਵੀ ਟੈਸਟ ਕਰਵਾਉਣ ਮਰੀਜ਼ ; ਲੂੰਬਾ
 ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਵੇਂ ਆਪਣੇ ਮਰੀਜ਼ ਦਾ ਇਲਾਜ ਕਿਸੇ ਵੀ ਪ੍ਰਾਈਵੇਟ ਹਸਪਤਾਲ ’ਚੋਂ ਕਰਵਾ ਰਹੇ ਹਨ ਪਰ ਜੇਕਰ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਡੇਂਗੂ ਪੀੜਤ ਹੋਣ ਬਾਰੇ ਦੱਸਿਆ ਜਾਵੇ ਤਾਂ ਇਸ ਦੀ ਪੁਸ਼ਟੀ ਲਈ  ਉਹ ਡੇਂਗੂ ਟੈਸਟ ਸਿਵਲ ਹਸਪਤਾਲ ਦੀ ਲੈਬਾਰਟਰੀ ਵਿਚ ਪਹੁੰਚ ਕੇ ਬਿਲਕੁਲ ਮੁਫਤ ਕਰਵਾਏ ਜਾਣ।