ਹੁਣ ਨਹੀਂ ਵੱਜਣਗੇ ਬੁਲੇਟ ਦੇ ਪਟਾਕੇ, ਹੋ ਸਕਦੀ ਹੈ 6 ਸਾਲ ਤੱਕ ਦੀ ਕੈਦ

09/21/2017 5:13:15 AM

ਅੰਮ੍ਰਿਤਸਰ, (ਨੀਰਜ)- ਵੰਨ-ਸੁਵੰਨੀਆਂ ਆਵਾਜ਼ਾਂ ਕੱਢ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਣਾਉਣ, ਵੇਚਣ, ਖਰੀਦਣ ਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂ ਨੇ ਇਨ੍ਹਾਂ ਬੇਆਰਾਮ ਕਰਦੀਆਂ ਆਵਾਜ਼ਾਂ ਨੂੰ ਰੋਕਣ ਲਈ ਕਮਰ ਕੱਸ ਲਈ ਹੈ ਅਤੇ ਹਵਾ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਐਕਟ 1981 ਦੀ ਧਾਰਾ 31-ਏ ਤਹਿਤ ਨਿਰਦੇਸ਼ ਜਾਰੀ ਕੀਤੇ ਹਨ ਕਿ 1 ਅਕਤੂਬਰ 2017 ਤੋਂ ਜੋ ਵੀ ਵਿਅਕਤੀ ਅਜਿਹੇ ਹਾਰਨ, ਮਲਟੀ ਹਾਰਨ ਅਤੇ ਪਟਾਕੇ ਮਾਰਨ ਵਾਲੇ ਸਾਇਲੈਂਸਰ ਬਣਾਏਗਾ, ਵੇਚੇਗਾ ਅਤੇ ਫਿਟ ਕਰੇਗਾ, ਉਸ ਨੂੰ ਐਕਟ ਦੀ ਉਲੰਘਣਾ ਸਮਝਦੇ ਹੋਏ 6 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਕੀਤਾ ਜਾ ਸਕੇਗਾ।
ਵਰਣਨਯੋਗ ਹੈ ਕਿ ਉਕਤ ਹਾਰਨਾਂ ਤੇ ਬੁਲੇਟ ਦੀਆਂ ਆਵਾਜ਼ਾਂ ਤੋਂ ਜਿਥੇ ਆਮ ਲੋਕ ਪ੍ਰੇਸ਼ਾਨ ਹੁੰਦੇ ਹਨ, ਉਥੇ ਕਈ ਵਾਰ ਇਹ ਅਚਨਚੇਤ ਵੱਜੇ ਹਾਰਨ ਹਾਦਸੇ ਅਤੇ ਲੜਾਈਆਂ ਦਾ ਕਾਰਨ ਵੀ ਬਣਦੇ ਹਨ। ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਦੇ ਅਤੇ ਇਨ੍ਹਾਂ ਪ੍ਰਤੀ ਨੌਜਵਾਨ ਪੀੜ੍ਹੀ ਦਾ ਵੱਧ ਰਿਹਾ ਕ੍ਰੇਜ਼ ਦੇਖਦਿਆਂ ਕਾਹਨ ਸਿੰਘ ਪੰਨੂ ਨੇ ਜੁਲਾਈ ਮਹੀਨੇ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਪਹਿਲਾਂ ਇਨ੍ਹਾਂ ਨਾਲ ਸੰਬੰਧਿਤ ਪਾਰਟੀਆਂ ਦੇ ਇਤਰਾਜ਼ ਸੁਣੇ ਸਨ ਅਤੇ ਆਖਿਰ ਜਨਤਕ ਹਿੱਤ ਨੂੰ ਦੇਖਦਿਆਂ ਇਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਜਾਰੀ ਹੁਕਮਾਂ ਦੇ ਨਾਲ-ਨਾਲ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਹਨ ਕਿ ਉਹ ਅਕਤੂਬਰ ਤੋਂ ਇਨ੍ਹਾਂ ਹਾਰਨਾਂ ਨੂੰ ਵੇਚਣ ਤੇ ਬਣਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਉਣ।