ਦੇਸ਼ ਭਰ ਦੇ ਟਰਾਂਸਪੋਰਟਰਾਂ ਨੂੰ 20 ਜੁਲਾਈ ਤੋਂ ਨੋ ਬੁਕਿੰਗ, ਨੋ ਡਲਿਵਰੀ ਦਾ ਨਿਰਦੇਸ਼

07/14/2018 7:46:11 AM

ਲੁਧਿਆਣਾ (ਗੁਪਤਾ)-ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ ਸਰਕਾਰ ਦੀਆਂ ਦਮਨਕਾਰੀ ਅਤੇ ਟਰਾਂਸਪੋਰਟ ਖੇਤਰ ਨੂੰ ਬਰਬਾਦ ਕਰਨ ਦੀ ਕਗਾਰ 'ਤੇ ਖੜ੍ਹਾ ਕਰਨ ਵਾਲੀਆਂ ਨੀਤੀਆਂ ਦੇ ਵਿਰੋਧ 'ਚ ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ ਵਿਸ਼ਾਲ ਬੈਠਕ ਵਿਚ ਦੇਸ਼ ਭਰ ਦੇ ਟਰਾਂਸਪੋਰਟਰਾਂ ਨੂੰ 20 ਜੁਲਾਈ ਤੋਂ ਨੋ ਬੁਕਿੰਗ, ਨੋ ਡਲਿਵਰੀ ਦਾ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਕਾਂਗਰਸ ਦੇ ਇਸ ਨਿਰਦੇਸ਼ ਨੇ ਦੇਸ਼ ਭਰ ਦੇ ਉਦਯੋਗ ਅਤੇ ਵਪਾਰ ਜਗਤ ਨੂੰ ਸ਼ਸ਼ੋਪੰਜ 'ਚ ਪਾ ਦਿੱਤਾ ਹੈ, ਕਿਉਂਕਿ ਟਰਾਂਸਪੋਰਟਰਾਂ ਦੀ ਹੜਤਾਲ ਨਾਲ ਦੇਸ਼ ਦੀ ਆਰਥਿਕਤਾ ਦਾ ਪਹੀਆ ਹੀ ਰੁਕ ਜਾਵੇਗਾ। ਬੈਠਕ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਲੋਹਾਰਾ, ਚੇਅਰਮੈਨ ਕੁਲਤਰਨ ਅਟਵਾਲ, ਨਾਰਥ ਜ਼ੋਨ ਦੇ ਵਾਈਸ ਪ੍ਰਧਾਨ ਹਰੀਸ਼ ਸੱਭਰਵਾਲ, ਜਸਮੀਤ ਸਿੰਘ ਪ੍ਰਿੰਸ, ਮੋਹਨ ਸਿੰਘ ਗਿੱਲ ਤੇ ਪ੍ਰਿਥਵੀਰਾਜ ਸ਼ਰਮਾ ਨੇ ਕਿਹਾ ਕਿ ਟਰੱਕ ਆਪ੍ਰੇਟਰਾਂ ਅਤੇ ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ 'ਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਅੱਜ ਟਰੱਕ ਮਾਲਕ ਆਪਣਾ ਖਰਚਾ ਚੁੱਕਣ ਤੋਂ ਵੀ ਅਸਮਰੱਥ ਹਨ ਅਤੇ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਵੀ ਨਹੀਂ ਉਤਾਰ ਸਕਦੇ ਪਰ ਕੇਂਦਰ ਸਰਕਾਰ ਟਰਾਂਸਪੋਰਟ ਉਦਯੋਗ ਤੋਂ ਜਜ਼ੀਆ ਵਸੂਲ ਕੇ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਬੈਂਕ ਡਿਫਾਲਟਰਾਂ ਨੂੰ ਮਾਲੀਆ ਕਰਜ਼ੇ ਦੇ ਰੂਪ 'ਚ ਸੌਂਪ ਰਹੀ ਹੈ। ਪਿਛਲੇ 2 ਮਹੀਨਿਆਂ ਤੋਂ ਟਰਾਂਸਪੋਰਟ ਉਦਯੋਗ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਕੀਤੀਆਂ ਜਾ ਰਹੀਆਂ ਬੈਠਕਾਂ 'ਚ ਕੋਈ ਸੰਤੋਸ਼ਜਨਕ ਹੱਲ ਨਹੀਂ ਲੱਭ ਸਕੀ। ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਨਾਲ ਉਦਯੋਗ ਦਾ ਬੇੜਾ ਗਰਕ ਹੋ ਗਿਆ ਹੈ। ਸਰਕਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਘੱਟ ਤੋਂ ਘੱਟ 20 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰਨੀ ਚਾਹੀਦੀ ਹੈ ਅਤੇ ਸਾਰੇ ਦੇਸ਼ 'ਚ ਕੀਮਤਾਂ ਇਕ ਸਾਰ ਕਰਨੀਆਂ ਚਾਹੀਦੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਇਨਕਮ ਟੈਕਸ ਦੀਆਂ ਨਵੀਆਂ ਸ਼ਰਤਾਂ ਜੋ ਪ੍ਰਤੀ ਦਿਨ ਦੇ ਹਿਸਾਬ ਨਾਲ ਲਾਈਆਂ ਜਾ ਰਹੀਆਂ ਹਨ, ਉਹ ਟਰਾਂਸਪੋਰਟ ਉਦਯੋਗ ਨੂੰ ਬਰਬਾਦ ਕਰ ਦੇਣਗੀਆਂ। ਉਨ੍ਹਾਂ ਮੰਗ ਕੀਤੀ ਕਿ ਬੱਸਾਂ ਨੂੰ ਟਰੱਕਾਂ ਦੀ ਤਰਜ਼ 'ਤੇ ਨੈਸ਼ਨਲ ਪਰਮਿਟ ਦਿੱਤੇ ਜਾਣ।
ਇਸ ਦੌਰਾਨ ਟਰਾਂਸਪੋਰਟਰ ਜਨਕਰਾਜ ਗੋਇਲ, ਕੈਲਾਸ਼ ਚੌਧਰੀ, ਪੰਜਾਬ ਟਰੱਕ ਆਪ੍ਰੇਟਰ ਐਸੋ. ਦੇ ਪ੍ਰਧਾਨ ਹੈਪੀ ਸੰਧੂ, ਪ੍ਰੇਮ ਸਿੰਘ ਬਨੂਰ, ਕਾਮਰੇਡ ਮੱਘਰ ਸਿੰਘ ਰੋਪੜ, ਕੁਲਜੀਤ ਸਿੰਘ ਰੰਧਾਵਾ ਡੇਰਾਬੱਸੀ, ਜੇ. ਪੀ. ਅਗਰਵਾਲ, ਤਿਰਲੋਚਨ ਸਿੰਘ, ਡੀ. ਟੀ. ਯੂ. ਦੇ ਪ੍ਰਧਾਨ ਦਵਿੰਦਰ ਸਿੰਘ ਵਾਲੀਆ, ਵਚਿੱਤਰ ਸਿੰਘ ਗਰਚਾ, ਅਮਨਦੀਪ ਸਿੰਘ, ਨਿੱਪੀ ਜਰਖੜ, ਬੰਟੀ ਬੁਢਲਾਡਾ, ਹਰਚਰਨ ਸਿੰਘ ਨਾਗਰਾ, ਅਸ਼ੋਕ ਪਾਹਵਾ ਤੇ ਹੋਰ ਮੌਜੂਦ ਸਨ।