ਨੀਟੂ ਸ਼ਟਰਾਂ ਵਾਲੇ ਨੂੰ ਲੁਧਿਆਣਾ ਦੀ ਕੰਪਨੀ ਨੇ ਬਣਾਇਆ ਬ੍ਰਾਂਡ ਅੰਬੈਸਡਰ

06/02/2019 1:09:33 AM

ਜਲੰਧਰ,(ਸੂਰਜ ਠਾਕੁਰ): ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਉਦਯੋਗਪਤੀ ਵੀ ਹੁਣ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਹਾਰ ਚੁਕੇ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹੋ ਚੁੱਕੇ ਹਨ। ਆਮ ਚੋਣਾਂ 'ਚ ਪਰਿਵਾਰ ਦੀਆਂ 9 'ਚੋਂ 5 ਵੋਟਾਂ ਪੈਣ ਤੋਂ ਬਾਅਦ ਸੁਰਖੀਆਂ 'ਚ ਆਇਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਹੁਣ ਜਲੰਧਰ ਲੋਕ ਸਭਾ ਖੇਤਰ 'ਚ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਦਾ ਜਿਊਂਦਾ-ਜਾਗਦਾ ਸਬੂਤ ਇਹ ਹੈ ਕਿ ਦੇਸ਼ ਦੇ ਪ੍ਰਸਿੱਧ ਉਦਯੋਗਿਕ ਨਗਰ ਦੇ ਛੋਟੇ ਕਾਰੋਬਾਰੀ ਵੀ ਨੀਟੂ ਸ਼ਟਰਾਂ ਵਾਲੇ ਦੇ ਕਾਇਲ ਹਨ, ਜਿਸ ਦੇ ਕਾਰਨ ਲੁਧਿਆਣਾ ਦੀ ਇਕ ਨਿੱਜੀ ਕੰਪਨੀ ਨੇ ਨੀਟੂ ਸ਼ਟਰਾਂ ਵਾਲੇ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਲੋਕ ਸਭਾ ਚੋਣਾਂ ਨੂੰ ਲੋਕ ਬੇਸ਼ੱਕ ਭੁੱਲ ਜਾਣ ਪਰ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਖਲੀ ਦੇ ਰਿੰਗ ਤੋਂ ਲੈ ਕੇ ਹਰ ਬਿਜ਼ਨੈੱਸਮੈਨ ਦੀ ਸ਼ਟਰਾਂ ਵਾਲੇ ਡਿਮਾਂਡ ਬਣ ਗਏ ਹਨ।

ਮੀਡੀਆ 'ਚ ਇੰਨੀ ਕਵਰੇਜ ਸ਼ਾਇਦ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਨੂੰ ਨਹੀਂ ਮਿਲੀ ਹੋਵੇਗੀ, ਜਿੰਨੀ ਨੀਟੂ ਸ਼ਟਰਾਂ ਵਾਲੇ ਨੂੰ ਮਿਲੀ ਹੈ। ਹੁਣ ਨੀਟੂ ਸ਼ਟਰਾਂ ਵਾਲੇ ਚੋਣ ਲੜਨ ਮਗਰੋਂ ਉਨ੍ਹਾਂ ਨੂੰ ਮਿਲੀ ਪ੍ਰਸਿੱਧੀ ਨੂੰ ਸੰਭਾਲ ਸਕਣ ਜਾਂ ਨਹੀਂ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਦੇ ਪੰਨਿਆਂ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਇਹ ਪਹਿਲੀ ਵਾਰ ਨਹੀਂ ਸੀ ਕਿ ਜਦੋਂ ਨੀਟੂ ਮੀਡੀਆ 'ਚ ਹੀਰੋ ਬਣਿਆ ਹੋਵੇ। 26 ਜਨਵਰੀ 2016 ਨੂੰ ਪੰਜਾਬ ਹਾਈ ਅਲਰਟ ਨੂੰ ਨੀਟੂ ਨੂੰ ਜਲੰਧਰ 'ਚ ਬੰਬ ਮਿਲ ਗਿਆ ਸੀ, ਜਿਸ ਨੂੰ ਲੈ ਕੇ ਉਹ ਸਿੱਧਾ ਪੁਲਸ ਥਾਣੇ ਜਾ ਪਹੁੰਚੇ ਸਨ। ਇਸ ਘਟਨਾ ਦੇ ਅਗਲੇ ਦਿਨ ਪੰਜਾਬ ਦੀਆਂ ਮੁੱਖ ਅਖਬਾਰਾਂ ਦੇ ਪੰਨੇ ਨੀਟੂ ਸ਼ਟਰਾਂ ਵਾਲੇ ਤੇ ਪੰਜਾਬ ਪੁਲਸ ਦੀ ਹਾਈ ਅਲਰਟ ਦੌਰਾਨ ਲਾਪ੍ਰਵਾਹੀਆਂ ਦੀਆਂ ਕਹਾਣੀਆਂ ਨਾਲ ਲਬਰੇਜ਼ ਸਨ।

ਸ਼ਟਰਾਂ ਵਾਲੇ ਦੀ ਚੋਣ ਦਾਸਤਾਨ

ਨੀਟੂ ਸ਼ਟਰਾਂ ਵਾਲੇ ਨੂੰ ਭਾਵੇਂ ਪਹਿਲੇ ਰਾਊਂਡ 'ਚ ਆਪਣੇ ਬੂਥ 'ਤੇ ਆਪਣੇ ਹੀ ਪਰਿਵਾਰ ਦੀਆਂ 9 'ਚੋਂ 5 ਵੋਟਾਂ ਮਿਲੀਆਂ ਪਰ ਉਹ ਹੁਣ ਆਪਣੇ ਸ਼ਹਿਰ ਜਲੰਧਰ ਹੀ ਨਹੀਂ ਸਗੋਂ ਪੂਰੇ ਪੰਜਾਬ 'ਚ ਇਕ ਸ਼ਖਸੀਅਤ ਦੇ ਰੂਪ 'ਚ ਉਭਰੇ ਹਨ। ਹਾਰ ਜਾਣ ਤੋਂ ਬਾਅਦ ਜਦ ਉਨ੍ਹਾਂ ਨੇ ਰੋ-ਰੋ ਕੇ ਆਪਣਾ ਦਰਦ ਮੀਡੀਆ 'ਚ ਬਿਆਨ ਕੀਤਾ ਤਾਂ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਹਜ਼ਾਰਾਂ ਫੋਨ ਆਏ। ਭਾਵੇਂ ਅਖੀਰ ਉਸ ਨੂੰ ਚੋਣਾਂ 'ਚ ਕੁੱਲ 854 ਵੋਟਾਂ ਹੀ ਮਿਲੀਆਂ। ਲੱਖਾਂ ਰੁਪਏ ਦੇ ਕਰਜ਼ 'ਚ ਪਹਿਲਾਂ ਹੀ ਡੁੱਬੇ ਨੀਟੂ ਨੇ ਫਿਰ 50 ਹਜ਼ਾਰ ਰੁਪਏ ਉਧਾਰ ਲਏ ਤੇ ਜਲੰਧਰ ਲੋਕ ਸਭਾ ਖੇਤਰ ਤੋਂ ਚੋਣ ਲੜਨ ਦਾ ਫੈਸਲਾ ਕੀਤਾ।

ਚੋਣ ਉਸ ਨੇ ਆਪਣੇ ਆਤਮ-ਸਨਮਾਨ ਲਈ ਲੜੀ। ਨੀਟੂ ਦੀ ਮੰਨੀਏ ਤਾਂ ਉਹ ਕਾਂਗਰਸੀ ਐੱਮ. ਪੀ. ਚੌਧਰੀ ਸੰਤੋਖ ਸਿੰਘ ਦੇ ਵਿਰੁੱਧ ਕਦੇ ਵੀ ਚੋਣ ਨਹੀਂ ਲੜਨੀ ਚਾਹੁੰਦੇ ਸਨ। ਉਹ ਉਨ੍ਹਾਂ ਦੇ ਵੋਟਰ ਤੇ ਸਮਰਥਕ ਵੀ ਰਹੇ ਹਨ ਪਰ ਚੋਣ ਪ੍ਰਚਾਰ ਦੌਰਾਨ ਉਹ ਜਦੋਂ ਚੌਧਰੀ ਨਾਲ ਸੈਲਫੀ ਖਿਚਵਾਉਣਾ ਚਾਹੁੰਦੇ ਸਨ ਤਾਂ ਇਕ ਵਿਅਕਤੀ ਨੇ ਉਸ ਦਾ ਫੋਨ ਹੇਠਾਂ ਸੁੱਟ ਦਿੱਤਾ। ਨੀਟੂ ਦੇ ਦਿਲ 'ਚ ਇਹ ਘਟਨਾ ਘਰ ਕਰ ਗਈ। ਉਹ ਇਸ ਨੂੰ ਆਪਣੀ ਗਰੀਬੀ ਦੀ ਬੇਇੱਜ਼ਤੀ ਸਮਝ ਬੈਠੇ ਤੇ ਉਨ੍ਹਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ। ਟਿਕ-ਟਾਕ ਵੀਡੀਓ ਬਣਨ ਤੋਂ ਬਾਅਦ ਨੀਟੂ ਨੂੰ ਅਮਰੀਕਾ, ਇੰਗਲੈਂਡ ਤੇ ਕੈਨੇਡਾ ਤੋਂ ਫੋਨ ਆਏ। ਉਸ ਦਾ ਦਾਅਵਾ ਹੈ ਕਿ ਵਿਦੇਸ਼ਾਂ 'ਚ ਰਹਿ ਰਹੇ ਪ੍ਰਵਾਸੀਆਂ ਨੇ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ।

'ਜਗ ਬਾਣੀ' ਨੇ ਬਣਾਇਆ 'ਹੀਰੋ'
23 ਮਈ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਜਦੋਂ ਨੀਟੂ ਸ਼ਟਰਾਂ ਵਾਲੇ ਪਹਿਲੇ ਰਾਊਂਡ 'ਚ ਪਰਿਵਾਰ ਦੇ 9 ਮੈਂਬਰਾਂ 'ਚੋਂ 5 ਹੀ ਵੋਟਾਂ ਮਿਲੀਆਂ ਤਾਂ ਉਹ ਕੈਮਰੇ ਦੇ ਸਾਹਮਣੇ ਰੋ ਪਿਆ। ਉਸ ਨਾਲ ਇਸ ਦੌਰਾਨ ਹੋਈ ਗੱਲਬਾਤ ਦੀ ਵੀਡੀਓ 'ਪੰਜਾਬ ਕੇਸਰੀ' ਦੇ ਸਹਿਯੋਗੀ ਚੈਨਲ 'ਜਗ ਬਾਣੀ ਟੀ. ਵੀ.' ਨੇ ਚਲਾਈ ਤਾਂ ਉਸ ਵੇਲੇ ਲੱਖਾਂ ਲੋਕਾਂ ਨੇ ਉਨ੍ਹਾਂ ਦੀ ਵੀਡੀਓ ਨੂੰ ਵੇਖਿਆ। ਸਿਰਫ ਜਲੰਧਰ ਹੀ ਨਹੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਉਨ੍ਹਾਂ ਦੀ ਇਸ ਵੀਡੀਓ ਨੂੰ ਵੇਖਿਆ ਗਿਆ, ਜਿਸ ਦੇ ਮਗਰੋਂ ਉਹ ਚੋਣ ਹਾਰ ਕੇ ਵੀ ਲੋਕਾਂ 'ਚ 'ਹੀਰੋ' ਬਣ ਗਏ।